ਜੁਲਾਈ ਤਕ 5 ਫੀਸਦੀ ਚੜ੍ਹ ਸਕਦੈ ਨਿਫਟੀ, 12 ਹਜ਼ਾਰ ਦੇ ਹੋਵੇਗਾ ਪਾਰ!

05/27/2019 1:32:34 PM

ਮੁੰਬਈ— ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਤਾ 'ਚ ਵਾਪਸੀ ਨਾਲ ਅਰਥ-ਵਿਵਸਥਾ 'ਚ ਜਾਣ ਪਾਉਣ ਦੇ ਦਮਦਾਰ ਕਦਮ ਉੱਠਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਨਾਲ ਆਉਣ ਵਾਲੇ ਮਹੀਨਿਆਂ 'ਚ ਸਟਾਕ ਬਾਜ਼ਾਰ ਨਵੀਂ ਉਚਾਈ ਹਾਸਲ ਕਰ ਸਕਦਾ ਹੈ। 'ਇਕਨੋਮਿਕ ਟਾਈਮਜ਼' ਦੇ ਇਕ ਪੋਲ ਮੁਤਾਬਕ, ਜੁਲਾਈ 'ਚ ਬਜਟ ਪੇਸ਼ ਹੋਣ ਤਕ ਨਿਫਟੀ 5-10 ਫੀਸਦੀ ਤਕ ਚੜ੍ਹ ਸਕਦਾ ਹੈ।

 

 

ਇਸ ਪੋਲ 'ਚ ਹਿੱਸਾ ਲੈਣ ਵਾਲਿਆਂ 'ਚੋਂ ਤਕਰੀਬਨ ਅੱਧੇ ਮੰਨਦੇ ਹਨ ਕਿ ਨਿਫਟੀ 12,500 ਤਕ ਜਾ ਸਕਦਾ ਹੈ। ਉੱਥੇ ਹੀ 25 ਫੀਸਦੀ ਨੇ ਕਿਹਾ ਕਿ 2019-20 ਲਈ ਪੂਰਾ ਬਜਟ ਪੇਸ਼ ਕੀਤੇ ਜਾਣ ਤਕ ਨਿਫਟੀ 13,000 ਤਕ ਜਾ ਸਕਦਾ ਹੈ। ਹਾਲਾਂਕਿ ਤਕਰੀਬਨ 14 ਫੀਸਦੀ ਦੀ ਰਾਇ 'ਚ ਇਸ ਦੇ 12,000 ਤਕ ਜਾਣ ਦੀ ਹੀ ਸੰਭਾਵਨਾ ਹੈ। ਉੱਥੇ ਹੀ, 11 ਫੀਸਦੀ ਮੰਨਦੇ ਹਨ ਕਿ ਨਿਫਟੀ ਡਿੱਗ ਕੇ 11,500 'ਤੇ ਵੀ ਜਾ ਸਕਦਾ ਹੈ।
ਇਹ ਵੀ ਸੰਭਾਵਨਾ ਜਤਾਈ ਗਈ ਹੈ ਕਿ ਬਜਟ ਮਗਰੋਂ ਸ਼ਾਇਦ ਨਿਫਟੀ 'ਚ ਕੋਈ ਵੱਡੀ ਬੜ੍ਹਤ ਨਾ ਨਜ਼ਰ ਆਵੇ। ਪੋਲ 'ਚ ਸ਼ਾਮਲ ਤਕਰੀਬਨ 38 ਫੀਸਦੀ ਦਾ ਮੰਨਣਾ ਹੈ ਕਿ 31 ਦਸੰਬਰ ਤਕ ਨਿਫਟੀ 13 ਹਜ਼ਾਰ 'ਤੇ ਹੋਵੇਗਾ, ਉੱਥੇ ਹੀ 23 ਫੀਸਦੀ ਨੇ ਕਿਹਾ ਕਿ ਇਹ 13,500 'ਤੇ ਹੋਵੇਗਾ। ਸਿਰਫ 7 ਫੀਸਦੀ ਮੰਨਦੇ ਹਨ ਕਿ ਇਹ 14,000 ਤਕ ਵੀ ਜਾ ਸਕਦਾ ਹੈ। 20 ਫੀਸਦੀ ਮਾਹਰਾਂ ਨੇ ਕਿਹਾ ਕਿ ਸਾਲ ਅੰਤ ਤਕ ਨਿਫਟੀ ਮੌਜੂਦਾ ਪੱਧਰ ਦੇ ਨਜ਼ਦੀਕ ਹੀ ਬਣਿਆ ਰਹੇਗਾ ਯਾਨੀ 11,500 ਤੋਂ 12,000 ਵਿਚਕਾਰ। 13 ਫੀਸਦੀ ਲੋਕਾਂ ਨੇ ਕਿਹਾ ਕਿ ਸਾਲ ਦੇ ਅੰਤ ਤਕ ਇਹ 12,300 'ਤੇ ਹੋ ਸਕਦਾ ਹੈ।