ਅਮਰੀਕੀ ਬਾਜ਼ਾਰ ਮਿਲੇ-ਜੁਲੇ, ਡਾਓ 53 ਅੰਕ ਡਿੱਗ ਕੇ ਬੰਦ

02/12/2019 8:07:26 AM

ਵਾਸ਼ਿੰਗਟਨ— ਸੋਮਵਾਰ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ। ਡਾਓ ਜੋਂਸ 'ਚ ਗਿਰਾਵਟ, ਜਦੋਂ ਕਿ ਐੱਸ. ਐਂਡ ਪੀ. ਤੇ ਨੈਸਡੈਕ 'ਚ ਹਲਕੀ ਤੇਜ਼ੀ ਦਰਜ ਹੋਈ। ਡਾਓ ਜੋਂਸ 90 ਅੰਕ ਦੀ ਸ਼ੁਰੂਆਤੀ ਤੇਜ਼ੀ ਨੂੰ ਗੁਆਉਂਦੇ ਹੋਏ ਅਖੀਰ 53.22 ਅੰਕ ਡਿੱਗ ਕੇ 25,053.11 'ਤੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ 0.1 ਦੀ ਮਾਮੂਲੀ ਤੇਜ਼ੀ ਨਾਲ 2,709.80 ਦੇ ਪੱਧਰ 'ਤੇ ਬੰਦ ਹੋਣ 'ਚ ਸਫਲ ਰਿਹਾ। ਨੈਸਡੈਕ ਕੰਪੋਜ਼ਿਟ 'ਚ ਵੀ ਕਾਰੋਬਾਰ ਸਪਾਟ ਰਿਹਾ ਅਤੇ ਇਹ ਵੀ ਸਿਰਫ 0.1 ਫੀਸਦੀ ਦੀ ਹਲਕੀ ਤੇਜ਼ੀ ਦਰਜ ਕਰ ਸਕਿਆ ਤੇ 7,307.90 ਦੇ ਪੱਧਰ 'ਤੇ ਬੰਦ ਹੋਇਆ।

ਅਮਰੀਕਾ ਅਤੇ ਚੀਨ ਦਰਮਿਆਨ ਵਪਾਰਕ ਮੁੱਦਿਆਂ ਨੂੰ ਲੈ ਕੇ ਚੱਲ ਰਹੀ ਗੱਲਬਾਤ ਵਿਚਕਾਰ ਬਾਜ਼ਾਰ ਹੁਣ ਵਪਾਰ ਅਤੇ ਭੂ-ਰਾਜਨੀਤਕ ਮੁੱਦਿਆਂ ਬਾਰੇ ਸਪੱਸ਼ਟ ਜਾਣਕਾਰੀ ਦੀ ਉਡੀਕ ਕਰ ਰਿਹਾ ਹੈ। ਬਾਜ਼ਾਰ ਇਹ ਉਡੀਕ ਕਰ ਰਿਹਾ ਹੈ ਕਿ ਵਪਾਰ ਸੌਦੇ 'ਤੇ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਅਤੇ ਅੱਗੇ ਇਸ ਦੀ ਕੀ ਸੰਭਾਵਨਾ ਹੈ। ਨਿਵੇਸ਼ਕਾਂ ਨੂੰ ਉਮੀਦ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਸੌਦਾ ਹੋਵੇਗਾ। 
ਜ਼ਿਕਰਯੋਗ ਹੈ ਚੀਨ ਦੀ ਗ੍ਰੋਥ ਰਫਤਾਰ ਹੌਲੀ ਹੋਣ ਵਿਚਕਾਰ ਵਪਾਰ ਵਾਰਤਾ ਸ਼ੁਰੂ ਹੋਈ ਹੈ। ਪਿਛਲੇ ਮਹੀਨੇ ਚੀਨ ਦੀ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ 28 ਸਾਲਾਂ 'ਚ ਸਭ ਤੋਂ ਹੌਲੀ ਰਫਤਾਰ ਨਾਲ ਵਧਣ ਦਾ ਖੁਲਾਸਾ ਕੀਤਾ ਸੀ। ਜੇਕਰ ਚੀਨ ਤੇ ਅਮਰੀਕਾ ਵਿਚਕਾਰ ਕੋਈ ਵਪਾਰ ਸੌਦਾ ਨਹੀਂ ਹੁੰਦਾ ਹੈ, ਤਾਂ ਟਰੰਪ ਬਾਕੀ ਚੀਨੀ ਵਸਤਾਂ 'ਤੇ ਵੀ ਟੈਰਿਫ ਠੋਕ ਸਕਦੇ ਹਨ।