ਡਾਓ 'ਚ 14 ਅੰਕ ਦਾ ਉਛਾਲ, S&P 500 ਤੇ ਨੈਸਡੈਕ 'ਚ ਗਿਰਾਵਟ

03/26/2019 8:13:13 AM

ਵਾਸ਼ਿੰਗਟਨ— ਡਾਓ ਜੋਂਸ ਨੇ ਸੋਮਵਾਰ ਹਲਕੀ ਤੇਜ਼ੀ ਦਰਜ ਕੀਤੀ। ਹਾਲਾਂਕਿ ਗਲੋਬਲ ਅਰਥਵਿਵਸਥਾ ਦੀ ਚਿੰਤਾ ਬਾਜ਼ਾਰ 'ਤੇ ਛਾਈ ਰਹੀ। 30 ਸਟਾਕਸ ਵਾਲਾ ਡਾਓ ਜੋਂਸ 14.15 ਅੰਕ ਵਧ ਕੇ 25,516.83 'ਤੇ ਬੰਦ ਹੋਇਆ। ਬੋਇੰਗ 'ਚ ਬਿਹਤਰ ਪ੍ਰਦਰਸ਼ਨ ਨਾਲ ਡਾਓ ਇੰਡੈਕਸ 'ਚ ਤੇਜ਼ੀ ਦਰਜ ਹੋਈ।

ਉੱਥੇ ਹੀ, ਵਿੱਤੀ ਤੇ ਤਕਨੀਕੀ ਸੈਕਟਰ 'ਚ ਗਿਰਾਵਟ ਕਾਰਨ ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਘਟ ਕੇ 2,798.36 'ਤੇ ਆ ਗਿਆ। 12 ਮਾਰਚ ਤੋਂ ਬਾਅਦ ਪਹਿਲੀ ਵਾਰ ਇਹ ਸੂਚਕ ਅੰਕ 2,800 ਦੇ ਹੇਠਾਂ ਬੰਦ ਹੋਇਆ। ਨੈਸਡੈਕ ਕੰਪੋਜ਼ਿਟ ਵੀ 0.1 ਫੀਸਦੀ ਡਿੱਗ ਕੇ 7,637.54 ਦੇ ਪੱਧਰ 'ਤੇ ਬੰਦ ਹੋਇਆ।

ਸ਼ੁੱਕਰਵਾਰ ਨੂੰ ਵਿਸ਼ਵ ਆਰਥਿਕ ਨਜ਼ਰੀਏ 'ਤੇ ਚਿੰਤਾ ਜ਼ਾਹਰ ਕੀਤੀ ਗਈ ਸੀ ਅਤੇ ਸੋਮਵਾਰ ਨੂੰ ਵੀ ਬਾਜ਼ਾਰ 'ਤੇ ਇਸ ਦਾ ਪ੍ਰਭਾਵ ਨਜ਼ਰ ਆਇਆ। ਸ਼ੁੱਕਰਵਾਰ ਨੂੰ ਬਾਂਡ ਯੀਲਡ ਨਕਾਰਾਤਮਕ ਹੋ ਗਈ ਸੀ। ਨਿਵੇਸ਼ਕਾਂ ਨੂੰ ਇਸ ਗੱਲ ਦਾ ਸੰਕੇਤ ਹੈ ਕਿ ਮੰਦੀ ਛੇਤੀ ਹੀ ਆ ਸਕਦੀ ਹੈ। ਯੀਲਡ ਕਰਵ ਸੋਮਵਾਰ ਨੂੰ ਫਿਰ ਤੋਂ ਘਟ ਗਈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਯੂਰਪ ਤੇ ਚੀਨ 'ਚ ਅਰਥਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਕਾਰਨ ਯੂ. ਐੱਸ. ਬਾਜ਼ਾਰ 'ਚ ਵੀ ਚਿੰਤਾ ਦਿਸੀ ਹੈ। ਬਾਜ਼ਾਰਾਂ 'ਤੇ ਗਲੋਬਲ ਮੰਦੀ ਦਾ ਡਰ ਹਾਵੀ ਹੈ।