ਜਵੇਰੇਵ ਤੋਂ ਹਾਰ ਕੇ ਜੋਕੋਵਿਚ ਦਾ ਗੋਲਡਨ ਸਲੈਮ ਪੂਰਾ ਕਰਨ ਦਾ ਸੁਫ਼ਨਾ ਟੁੱਟਿਆ

07/30/2021 5:46:53 PM

ਟੋਕੀਓ (ਭਾਸ਼ਾ) : ਦੁਨੀਆ ਦੇ ਸਿਖ਼ਰ ਰੈਂਕਿੰਗ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਓਲੰਪਿਕ ਦੇ ਪੁਰਸ਼ ਸਿੰਗਲ ਦੇ ਸੈਮੀਫਾਈਨਲ ਵਿਚ ਸ਼ੁੱਕਰਵਾਰ ਨੂੰ ਅਲੈਗਜ਼ੈਂਡਰ ਜਵੇਰੇਵ ਤੋਂ ਹਾਰ ਕੇ ਗੋਲਡਨ ਸਲੈਮ ਪੂਰਾ ਕਰਨ ਦਾ ਸੁਫ਼ਨਾ ਟੁੱਟ ਗਿਆ। ਸਰਬੀਆ ਦੇ ਇਸ ਖਿਡਾਰੀ ਨੂੰ ਜਰਮਨੀ ਦੇ ਜਵੇਰੇਵ ਨੇ ਪਹਿਲੇ ਸੈੱਟ ਵਿਚ ਪਛੜਨ ਦੇ ਬਾਅਦ 2 ਘੰਟੇ 3 ਮਿੰਟ ਤੱਕ ਚੱਲੇ ਮੁਕਾਬਲੇ ਵਿਚ 1-6, 6-3, 6-1 ਨਾਲ ਹਰਾਇਆ। ਜੋਕੋਵਿਚ ਓਲੰਪਿਕ ਵਿਚ ਸੋਨ ਤਮਗਾ ਜਿੱਤ ਕੇ ਗੋਲਡਨ ਸਲੈਮ ਪੂਰਾ ਕਰਨ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ।

ਉਹ ਇਸ ਸਾਲ ਆਸਟ੍ਰੇਲੀਆਈ ਓਪਨ, ਫਰੈਂਚ ਓਪਨ ਅਤੇ ਵਿੰਬਲਡਨ ਜਿੱਤ ਚੁੱਕੇ ਹਨ, ਜਦੋਂਕਿ ਯੂ.ਐੱਸ. ਓਪਨ ਦਾ ਆਯੋਜਨ ਹੋਣਾ ਬਾਕੀ ਹੈ। ਇਕ ਹੀ ਸਾਲ ਵਿਚ ਚਾਰੇ ਗਰੈਂਡ ਸਲੈਮ ਨਾਲ ਓਲਪਿਕ ਤਮਗਾ ਜਿੱਤਣ ਨੂੰ ਗੋਲਡਨ ਸਲੈਮ ਕਹਿੰਦੇ ਹਨ। ਸਟੇਫੀ ਗ੍ਰਾਫ (1988) ਇਸ ਉਪਲਬੱਧੀ ਨੂੰ ਹਾਸਲ ਕਰਨ ਵਾਲੀ ਇਕਲੌਤੀ ਟੈਨਿਸ ਖਿਡਾਰੀ ਹੈ। ਚੌਥਾ ਦਰਜਾ ਪ੍ਰਾਪਤ ਜਵੇਰੇਵ ਸੋਨ ਤਮਗੇ ਲਈ ਕਾਰੇਨ ਖਾਚਾਨੋਵ ਦਾ ਸਾਹਮਣਾ ਕਰਨਗੇ। ਰੂਸ ਦੇ ਇਸ ਖਿਡਾਰੀ ਨੇ ਇਕ ਹੋਰ ਸੈਮੀਫਾਈਨਲ ਵਿਚ ਸਪੇਨ ਪਾਬਲੋ ਕਾਰੇਨੋ ਬੁਸਟਾ ਨੂੰ 6-3, 6-3 ਨਾਲ ਹਰਾਇਆ। ਜੋਕੋਵਿਚ ਕਾਂਸੀ ਤਮਗਾ ਮੁਕਾਬਲੇ ਵਿਚ ਬੁਸਟਾ ਨਾਲ ਭਿੜਨਗੇ।
 


cherry

Content Editor

Related News