ਜੂ ਵੇਂਜੁਨ ਖਿਤਾਬ ਤੋਂ 2 ਜਿੱਤਾਂ ਦੂਰ

05/12/2018 4:28:32 PM

ਸ਼ੰਘਾਈ—ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ 'ਚ ਵਿਸ਼ਵ ਦੀ ਨੰਬਰ-2 ਖਿਡਾਰਨ ਚੀਨ ਦੀ ਜੂ ਵੇਂਜੁਨ ਹਮਵਤਨ ਤੇ ਮੌਜੂਦਾ ਵਿਸ਼ਵ ਚੈਂਪੀਅਨ ਤਾਨ ਹੋਂਜਈ ਵਿਰੁੱਧ ਸ਼ੁਰੂਆਤੀ 5 ਰਾਊਂਡਜ਼ ਤੋਂ ਬਾਅਦ 3.5-1.5 ਨਾਲ ਬੜ੍ਹਤ ਬਣਾਉਂਦੇ ਹੋਏ ਆਪਣੇ ਪਹਿਲੇ ਵਿਸ਼ਵ ਖਿਤਾਬ ਤੋਂ ਸਿਰਫ 2 ਜਿੱਤਾਂ ਦੂਰ ਰਹਿ ਗਈ ਹੈ।

ਕੁਲ ਮਿਲਾ ਕੇ 10 ਮੈਚ ਖੇਡੇ ਜਾਣੇ ਹਨ ਤੇ ਪਹਿਲੇ 5 'ਚੋਂ 3 ਮੈਚ ਜਿੱਤ ਕੇ ਜੂ ਨੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ ਅਤੇ ਅਜਿਹੀ ਹਾਲਤ ਵਿਚ ਜਾਂ ਤਾਂ 4 ਡਰਾਅ, 1 ਜਿੱਤ, 2 ਡਰਾਅ ਜਾਂ ਫਿਰ 2 ਸਿੱਧੀਆਂ ਜਿੱਤਾਂ ਉਸ ਨੂੰ ਵਿਸ਼ਵ ਖਿਤਾਬ ਦਿਵਾ ਦੇਣਗੀਆਂ।

ਉਥੇ ਹੀ ਫਿਡੇ ਨਾਕਆਊਟ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਵਿਸ਼ਵ ਚੈਂਪੀਅਨ ਬਣੀ ਤਾਨ ਲਈ ਹੁਣ ਜਿੱਤ ਹੀ ਵਾਪਸੀ ਦਾ ਇਕਲੌਤਾ ਮੌਕਾ ਹੈ ਅਤੇ ਜੇਕਰ ਉਸ ਨੇ ਆਪਣਾ ਵਿਸ਼ਵ ਖਿਤਾਬ ਬਚਾਉਣਾ ਹੈ ਤਾਂ ਅਗਲੇ 5 'ਚੋਂ 4 ਮੁਕਾਬਲੇ ਉਸ ਨੂੰ ਜਿੱਤਣੇ ਹੀ ਪੈਣਗੇ, ਜੋ ਕਿ ਕਾਫੀ ਮੁਸ਼ਕਿਲ ਨਜ਼ਰ ਆ ਰਿਹਾ ਹੈ।