ਹਾਰ ਦੇ ਬਾਵਜੂਦ ਯੁਵਰਾਜ ਨੇ ਜਿੱਤਿਆ ਲੋਕਾਂ ਦਾ ਦਿਲ, ਸਟੇਡੀਅਮ 'ਚ ਲੱਗੇ ਯੁਵੀ-ਯੁਵੀ ਦੇ ਨਾਅਰੇ (Video)

03/25/2019 12:30:11 PM

ਮੁੰਬਈ : ਆਈ. ਪੀ. ਐੱਲ. 2019 ਦਾ ਤੀਜਾ ਮੁਕਾਬਲਾ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਜਿਸ ਵਿਚ ਪੰਤ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਦਿੱਲੀ ਨੇ ਮੁੰਬਈ ਨੂੰ 37 ਦੌੜਾਂ ਨਾਲ ਹਰਾਇਆ। ਪਿਛਲੇ ਸੀਜ਼ਨ ਵਿਚ ਔਸਤ ਪ੍ਰਦਰਸ਼ਨ ਕਰਨ ਵਾਲੀ ਦਿੱਲੀ ਟੀਮ ਨੇ ਜਿੱਤ ਦੇ ਨਾਲ ਇਸ ਸੀਜ਼ਨ ਦੀ ਸ਼ੁਰੂਆਤ ਕੀਤੀ। ਰਿਸ਼ਭ ਪੰਤ ਨੇ 27 ਗੇਂਦਾਂ 78 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਦੇ ਲਈ ਉਸ ਨੂੰ 'ਪਲੇਅਰ ਆਫ ਦਿ ਮੈਚ' ਐਵਾਰਡ ਦਿੱਤਾ ਗਿਆ। ਯੁਵਰਾਜ ਸਿੰਘ ਇਸ ਸਾਲ ਮੁੰਬਈ ਇੰਡੀਅਨਜ਼ ਵੱਲੋਂ ਖੇਡ ਰਹੇ ਹਨ। ਯੁਵੀ ਦੇ ਪ੍ਰਦਰਸ਼ਨ ਦੀ ਵੀ ਖੂਬ ਤਾਰੀਫ ਹੋ ਰਹੀ ਹੈ। ਮੁੰਬਈ ਇੰਡੀਅਨਜ਼ ਭਾਵੇਂ ਹੀ ਹਾਰ ਗਈ ਹੋਵੇ ਪਰ ਕਾਫੀ ਸਮੇਂ ਤੋਂ ਫਾਰਮ ਤੋਂ ਬਾਹਰ ਚੱਲ ਰਹੇ ਯੁਵਰਾਜ ਸਿੰਘ ਦਾ ਬੱਲਾ ਖੂਬ ਚੱਲਿਆ। ਉਸ ਨੇ 35 ਗੇਂਦਾਂ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਇਕ ਪਾਸੇ ਜਿੱਥੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਆਊਟ ਹੋ ਰਹੇ ਸੀ ਤਾਂ ਯੁਵਰਾਜ ਸਿੰਘ ਵੱਡੇ ਸ਼ਾਟ ਖੇਡ ਰਹੇ ਸੀ ਅਤੇ ਜਿੱਤ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿਚ ਸੀ। ਮੈਚ ਮੁੰਬਈ ਦੇ ਵਾਨਖੇੜੇ ਵਿਚ ਖੇਡਿਆ ਜਾ ਰਿਹਾ ਸੀ। ਲੋਕ ਵੀ ਯੁਵਰਾਜ ਨੂੰ ਦੇਖ ਕੇ ਯੁਵੀ-ਯੁਵੀ ਦੇ ਨਾਅਰੇ ਲਾ ਰਹੇ ਸੀ ਅਤੇ ਆਪਣੇ ਇਸ ਧਾਕੜ ਖਿਡਾਰੀ ਨੂੰ ਚੀਅਰ ਕਰ ਰਹੇ ਸੀ। ਦਿੱਲੀ ਦੇ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਟੀਮ ਯੁਵਰਾਜ ਸਿੰਘ ਦੇ ਅਰਧ ਸੈਂਕੜੇ ਦੇ ਬਾਵਜੂਦ 19.2 ਓਵਰਾਂ ਵਿਚ 176 ਦੌੜਾਂ 'ਤੇ ਢੇਰ ਹੋ ਗਈ। ਯੁਵਰਾਜ ਤੋਂ ਇਲਾਵਾ ਕਰੁਣਾਲ ਪੰਡਯਾ (32) ਹੀ 30 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ। ਜਸਪ੍ਰੀਤ ਬੁਮਰਾਹ ਜ਼ਖਮੀ ਹੋਣ ਕਾਰਨ ਬੱਲੇਬਾਜ਼ੀ ਕਰਨ ਨਹੀਂ ਆ ਸਕੇ।