ਕੀ ਯੁਵਰਾਜ ਸਿੰਘ ਹੁਣ ਨਹੀਂ ਖੇਡ ਸਕਣਗੇ ਕੋਈ ਮੈਚ, ਚੋਣਕਰਤਾਵਾਂ ਨੇ ਦਿੱਤੇ ਸੰਕੇਤ

09/08/2017 3:06:45 PM

ਨਵੀਂ ਦਿੱਲੀ— ਕ੍ਰਿਕਟ ਦੇ ਸਿਕਸਰ ਕਿੰਗ ਕਹੇ ਜਾਣ ਵਾਲੇ ਯੁਵਰਾਜ ਸਿੰਘ ਨੂੰ ਫ਼ਾਰਮ ਤੋਂ ਬਾਹਰ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਲਗਾਤਾਰ ਟੀਮ ਵਿਚ ਜਗ੍ਹਾ ਨਹੀਂ ਮਿਲ ਰਹੀ। ਯਾਨੀ ਕਿ ਇਨ੍ਹਾਂ ਦੀ ਜਗ੍ਹਾ ਕਈ ਨਵੇਂ ਬੱਲੇਬਾਜ਼ਾਂ ਨੇ ਲੈ ਲਈ ਹੈ। ਫ਼ਾਰਮ ਵਿਚ ਨਾ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਸ਼੍ਰੀਲੰਕਾ ਸੀਰੀਜ਼ ਵਿਚ ਜਗ੍ਹਾ ਨਹੀਂ ਦਿੱਤੀ ਗਈ ਸੀ। ਕੀ ਤੁਹਾਨੂੰ ਪਤਾ ਹੈ ਕਿ ਯੁਵਰਾਜ ਟਾਪ-74 ਖਿਡਾਰੀਆਂ ਦੀ ਲਿਸਟ ਤੋਂ ਵੀ ਬਾਹਰ ਹਨ।

74 ਕ੍ਰਿਕਟਰਾਂ ਵਿਚ ਸ਼ਾਮਲ ਨਹੀਂ ਹੈ ਯੁਵਰਾਜ
ਦਰਅਸਲ, ਚੋਣਕਰਤਾਵਾਂ ਨੇ ਸੰਕੇਤ ਦਿੱਤੇ ਹਨ ਕਿ ਚੋਟੀ ਦੇ 15 ਕ੍ਰਿਕਟਰ ਸ਼੍ਰੀਲੰਕਾ ਦੌਰੇ ਉੱਤੇ ਗਏ ਸਨ ਅਤੇ ਉਨ੍ਹਾਂ ਦਾ ਹੀ ਆਸਟਰੇਲੀਆ ਖਿਲਾਫ ਸੀਰੀਜ ਵਿਚ ਬਣੇ ਰਹਿਣਾ ਲੱਗਭਗ ਤੈਅ ਹੈ, ਇਸ ਟੀਮ ਵਿਚ ਥੋੜ੍ਹਾ ਜਿਹਾ ਬਦਲਾਅ ਹੀ ਕੀਤਾ ਜਾ ਸਕਦਾ ਹੈ। ਇਸ ਦੇ ਬਾਅਦ ਅਗਲੇ 45 ਕ੍ਰਿਕਟਰ ਉਹ ਹਨ ਜਿਨ੍ਹਾਂ ਨੂੰ ਦਲੀਪ ਟਰਾਫੀ ਦੇ 3 ਟੀਮਾਂ ਵਿਚ ਸ਼ਾਮਲ ਕੀਤਾ ਗਿਆ। ਇਨ੍ਹਾਂ 45 ਕ੍ਰਿਕਟਰਾਂ ਵਿਚ ਇਕ ਹੋਰ ਦਿਗਜ ਸੁਰੇਸ਼ ਰੈਨਾ ਵੀ ਸ਼ਾਮਲ ਹੈ। ਜਿਸਦਾ ਮਤਲਬ ਉਹ ਵੀ ਚੋਣਕਰਤਾਵਾਂ ਦੀ ਰਡਾਰ ਉੱਤੇ ਹਨ। ਇਸ ਤਰ੍ਹਾਂ ਇਹ 15 ਅਤੇ 45 ਕ੍ਰਿਕਟਰਾਂ ਨੂੰ ਮਿਲਾ ਕੇ ਦੇਸ਼ ਦੇ ਚੋਟੀ ਦੇ 60 ਕ੍ਰਿਕਟਰ ਬਣਦੇ ਹਨ। ਯੁਵਰਾਜ ਨੂੰ ਇਨ੍ਹਾਂ ਦੇ ਬਾਅਦ ਅਗਲੇ 14 ਕ੍ਰਿਕਟਰਾਂ ਵਿਚ ਵੀ ਜਗ੍ਹਾ ਨਹੀਂ ਮਿਲੀ। ਜਿਸਦਾ ਮਤਲਬ ਹੈ ਕਿ ਇਨ੍ਹਾਂ ਦਾ ਚੋਟੀ ਦੇ 74 ਕ੍ਰਿਕਟਰਾਂ ਵਿਚ ਜਗ੍ਹਾ ਨਹੀਂ ਬਣਦੀ ਹੈ।

ਕਪਤਾਨ ਵਿਰਾਟ ਕੋਹਲੀ ਨੇ ਯੁਵਰਾਜ ਨੂੰ ਦਿੱਤਾ ਸੀ ਮੌਕਾ
ਲੰਬੇ ਸਮੇਂ ਤੋਂ ਯੁਵਰਾਜ ਟੀਮ ਤੋਂ ਬਾਹਰ ਚੱਲ ਰਹੇ ਹਨ। ਕਪਤਾਨ ਵਿਰਾਟ ਨੇ ਇਨ੍ਹਾਂ ਨੂੰ ਟੀਮ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਮੌਕਾ ਦਿੱਤਾ ਸੀ ਅਤੇ ਇਨ੍ਹਾਂ ਨੇ ਵੀ ਇੰਗਲੈਂਡ ਖਿਲਾਫ 150 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਦਮ ਵਿਖਾਇਆ, ਪਰ ਇਸ ਮੈਚ ਦੇ ਬਾਅਦ ਆਈ.ਸੀ.ਸੀ. ਚੈਂਪੀਅਨਸ ਟਰਾਫੀ ਅਤੇ ਵੈਸਟਇੰਡੀਜ਼ ਦੌਰੇ ਉੱਤੇ ਕੁਝ ਖਾਸ ਨਾ ਕਰ ਪਾਏ, ਇਸਦੇ ਬਾਅਦ ਸ਼੍ਰੀਲੰਕਾ ਦੌਰੇ ਲਈ ਉਸਨੂੰ ਟੀਮ ਵਿਚ ਜਗ੍ਹਾ ਨਹੀਂ ਮਿਲੀ।