IPL 2020 'ਚ ਨਹੀਂ ਖੇਡਣਗੇ ਯੁਵਰਾਜ, ਜਾਣੋ ਕਾਰਨ

11/19/2019 2:28:41 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਦਸੰਬਰ 'ਚ ਖਿਡਾਰੀਆਂ ਦੀ ਨੀਲਾਮੀ ਹੋਣ ਤੋਂ ਪਹਿਲਾਂ ਹੀ ਮੁੰਬਈ ਨੇ ਆਪਣੇ ਖਿਡਾਰੀ ਯੁਵਰਾਜ ਸਿੰਘ ਨੂੰ ਰਿਲੀਜ਼ ਕਰ ਦਿੱਤਾ ਹੈ। ਆਈ. ਪੀ. ਐੱਲ. 2019 ਦੀ ਨੀਲਾਮੀ 'ਚ ਮੁੰਬਈ ਇੰਡੀਅਨਜ਼ ਨੇ ਯੁਵਰਾਜ ਸਿੰਘ ਨੂੰ 1 ਕਰੋੜ ਦੇ ਬੇਸ ਪ੍ਰਾਈਸ 'ਤੇ ਖਰੀਦਿਆ ਸੀ ਪਰ 4 ਮੈਚ ਦੇਣ ਦੇ ਬਾਅਦ ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ। ਹੁਣ ਮੁੰਬਈ ਤੋਂ ਬਾਹਰ ਹੋਣ 'ਤੇ ਉਨ੍ਹਾਂ ਦੇ ਅਗਲੇ ਸਾਲ ਆਈ. ਪੀ. ਐੱਲ. ਖੇਡਣ 'ਤੇ ਸਵਾਲ ਖੜ੍ਹੇ ਹੋ ਗਏ ਸਨ। ਹੁਣ ਇਸ ਦਾ ਜਵਾਬ ਸਾਹਮਣੇ ਆ ਗਿਆ ਹੈ ਕਿ ਯੁਵਰਾਜ ਸਿੰਘ ਆਈ. ਪੀ. ਐੱਲ. 2020 ਨਹੀਂ ਖੇਡ ਸਕਣਗੇ। ਇਸ ਦਾ ਕਾਰਨ ਅਸੀਂ ਤੁਹਾਨੂੰ ਹੇਠਾਂ ਦਸ ਰਹੇ ਹਾਂ।

ਇਹ ਹੈ ਮਾਮਲਾ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਿਯਮ ਕਹਿੰਦੇ ਹਨ- ਭਾਰਤੀ ਕ੍ਰਿਕਟਰ ਵਿਦੇਸ਼ੀ ਲੀਗ 'ਚ ਉਦੋਂ ਹੀ ਹਿੱਸਾ ਲੈ ਸਕਦਾ ਹੈ, ਜਦੋਂ ਉਹ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਪ੍ਰਾਪਤ ਕਰ ਲੈਂਦਾ ਹੈ। ਅਜਿਹੀ ਐੱਨ. ਓ. ਸੀ. ਲੈਣ ਲਈ ਭਾਰਤੀ ਕ੍ਰਿਕਟਰ ਨੂੰ ਸਾਰੇ ਭਾਰਤੀ ਫਾਰਮੈਟਸ ਤੋਂ ਸੰਨਿਆਸ ਲੈਣਾ ਹੁੰਦਾ ਹੈ। ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਜੂਨ 'ਚ ਸੰਨਿਆਸ ਲੈ ਕੇ ਇਹ ਐੱਨ. ਓ. ਸੀ. ਹਾਸਲ ਕੀਤੀ ਸੀ। ਇਸ ਤੋਂ ਬਾਅਦ ਉਹ ਕੈਨੇਡਾ ਟੀ-20 ਲੀਗ 'ਚ ਖੇਡੇ। ਪਰ ਇਸੇ ਐੱਨ. ਓ. ਸੀ. ਦੀ ਇਕ ਸ਼ਰਤ ਇਹ ਵੀ ਹੈ ਕਿ ਬੀ. ਸੀ. ਸੀ. ਆਈ. ਦਾ ਜੋ ਕ੍ਰਿਕਟਰ ਸੰਨਿਆਸ ਲਵੇਗਾ ਉਹ ਨਿਯਮ ਦੇ ਮੁਤਾਬਕ ਆਈ. ਪੀ. ਐੱਲ. ਤੋਂ ਵੀ ਸੰਨਿਆਸ ਲੈ ਲਵੇਗਾ। ਪਰ ਇਸ 'ਤੇ ਕਿਸੇ ਦਾ ਧਿਆਨ ਨਹੀਂ ਗਿਆ। ਹੁਣ ਇਹੋ ਨਿਯਮ ਯੁਵਰਾਜ ਦੀ ਆਈ. ਪੀ. ਐੱਲ. 'ਚ ਵਾਪਸੀ ਦੀ ਰਾਹ 'ਚ ਰੋੜਾ ਬਣ ਗਿਆ ਹੈ।

ਗਾਂਗੁਲੀ-ਦ੍ਰਾਵਿੜ ਸੰਨਿਆਸ ਦੇ ਬਾਅਦ IPL 'ਚ ਖੇਡੇ ਸਨ ਪਰ...

ਭਾਰਤ ਦੇ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਆਈ. ਪੀ. ਐੱਲ. ਖੇਡੇ ਸਨ। ਪਰ ਉਦੋਂ ਇਹ ਸੰਭਵ ਇਸ ਲਈ ਹੋਇਆ ਸੀ ਕਿਉਂਕਿ ਉਨ੍ਹਾਂ ਨੇ ਕਿਸੇ ਵਿਦੇਸ਼ੀ ਟੀ-20 ਲੀਗ 'ਚ ਹਿੱਸਾ ਨਹੀਂ ਲਿਆ ਸੀ ਅਤੇ ਨਾ ਹੀ ਉਨ੍ਹਾਂ ਨੇ ਬੀ. ਸੀ. ਸੀ. ਆਈ. ਤੋਂ ਕਿਸੇ ਤਰ੍ਹਾਂ ਦੀ ਐੱਨ. ਓ. ਸੀ. ਨਹੀਂ ਮੰਗੀ ਸੀ । ਬੀਤੇ ਕੁਝ ਦਿਨਾਂ ਪਹਿਲਾਂ ਹਰਭਜਨ ਨੇ ਵੀ ਐਕਟਿਵ ਕ੍ਰਿਕਟਰ ਹੋਣ ਕਾਰਣ ਇੰਗਲੈਂਡ 'ਚ ਹੋਣ ਵਾਲੇ ਦਿ-100 ਡ੍ਰਾਫਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।

ਯੁਵਰਾਜ ਇਸ ਭੂਮਿਕਾ 'ਚ ਆ ਸਕਦੇ ਹਨ ਨਜ਼ਰ

ਯੁਵਰਾਜ ਦਾ ਭਾਵੇਂ ਹੀ ਆਈ. ਪੀ. ਐੱਲ. 'ਚ ਖੇਡਣਾ ਸ਼ੱਕੀ ਲਗ ਰਿਹਾ ਹੈ ਪਰ ਉਹ ਬਤੌਰ ਕੋਚ ਜਾਂ ਕੁਮੈਂਟੇਟਰ ਦੇ ਤੌਰ 'ਤੇ ਆਪਣੀ ਨਵੀਂ ਭੂਮਿਕਾ ਨਿਭਾ ਸਕਦੇ ਹਨ। ਜ਼ਿਕਰਯੋਗ ਹੈ ਕਿ ਯੁਵਰਾਜ ਦਾ ਆਈ. ਪੀ. ਐੱਲ. 'ਚ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ। ਉਹ 132 ਮੈਚਾਂ 'ਚ 24.77 ਦੀ ਔਸਤ ਨਾਲ 2750 ਦੌੜਾਂ ਬਣਾ ਚੁੱਕੇ ਹਨ, ਜਿਸ 'ਚ 36 ਵਿਕਟ ਵੀ ਲਏ ਹਨ।

Tarsem Singh

This news is Content Editor Tarsem Singh