B'day Special : ਕੌਣ ਮਾਈ ਦਾ ਲਾਲ ਤੋੜੇਗਾ ਯੁਵਰਾਜ ਦੇ ਇਹ ਰਿਕਾਰਡ

12/12/2018 12:50:36 PM

ਨਵੀਂ ਦਿੱਲੀ— ਅੱਜ ਭਾਵ 12 ਦਸੰਬਰ ਨੂੰ ਯੁਵਰਾਜ ਸਿੰਘ ਦਾ ਜਨਮ ਦਿਨ ਹੈ। ਯੁਵਰਾਜ ਦਾ ਜਨਮ 12 ਦਸੰਬਰ 1981 ਨੂੰ ਚੰਡੀਗੜ੍ਹ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਾਬਕਾ ਕ੍ਰਿਕਟਰ ਅਤੇ ਫਿਲਮ ਅਭਿਨੇਤਾ ਹਨ। ਉਨ੍ਹਾਂ ਦੀ ਮਾਂ ਦਾ ਨਾਂ ਸ਼ਬਨਮ ਹੈ। ਬਚਪਨ 'ਚ ਸਕੇਟਿੰਗ ਦੇ ਪ੍ਰਤੀ ਯੁਵਰਾਜ ਦਾ ਜ਼ਿਆਦਾ ਪਿਆਰ ਸੀ। ਰੋਜ਼ ਦਿਨ 'ਚ 8-10 ਘੰਟੇ ਸਕੇਟਿੰਗ ਕਰਦੇ ਸਨ। ਹਰਸ਼ਾ ਭੋਗਲੇ ਦੇ ਨਾਲ ਇਕ ਇੰਟਰਵਿਊ ਦੇ ਦੌਰਾਨ ਯੁਵਰਾਜ ਸਿੰਘ ਨੇ ਦੱਸਿਆ ਸੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਸਕੇਟਿੰਗ ਕਰਦੇ ਦੇਖਦੇ ਸਨ ਤਾਂ ਉਨ੍ਹਾਂ ਨੂੰ ਮੁੰਡਿਆਂ ਦਾ ਖੇਡ ਖੇਡਣ ਦੀ ਸਲਾਹ ਦਿੰਦੇ ਸਨ। ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਚਾਹੁੰਦੇ ਸਨ ਕਿ ਯੁਵਾਰਜ ਇਕ ਕ੍ਰਿਕਟਰ ਬਣੇ। ਇਕ ਵਾਰ ਬਚਪਨ 'ਚ ਜਦੋਂ ਯੁਵਰਾਜ ਸਕੇਟਿੰਗ 'ਚ ਮੈਡਲ ਜਿੱਤ ਕੇ ਘਰ ਪਰਤੇ ਅਤੇ ਆਪਣੇ ਪਿਤਾ ਨੂੰ ਮੈਡਲ ਦਿਖਾਇਆ ਤਾਂ ਯੋਗਰਾਜ ਮੈਡਲ ਨੂੰ ਸੁੱਟਦੇ ਹੋਏ ਬੋਲੇ ਸੀ ਕਿ ਉਹ ਸਕੇਟਿੰਗ ਛੱਡ ਕੇ ਕ੍ਰਿਕਟ ਖੇਡਣ, ਨਹੀਂ ਤਾਂ ਲੱਤਾਂ ਭੰਨ ਦੇਣਗੇ।

ਯੁਵਰਾਜ ਸਿੰਘ ਕਦੀ ਆਪਣੇ ਸ਼ਾਨਦਾਰ ਫਾਰਮ ਕਾਰਨ ਚਰਚਾ 'ਚ ਰਹਿੰਦੇ ਸਨ ਅਤੇ ਕਈ ਵਾਰ ਅਜਿਹੇ ਮੌਕੇ ਦੇਖਣ ਨੂੰ ਮਿਲੇ ਜਦੋਂ ਯੁਵਰਾਜ ਸਿੰਘ ਨੂੰ ਲੈਅ 'ਚ ਵੇਖ ਗੇਂਦਬਾਜ਼ ਆਪਣੀ ਲੈਅ ਗੁਆ ਦਿੰਦੇ ਸਨ। 'ਸਿਕਸਰ ਕਿੰਗ' ਨਾਲ ਮਸ਼ਹੂਰ ਯੁਵਰਾਜ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹਨ। ਵਧਦੀ ਉਮਰ ਕਾਰਨ ਹੁਣ ਉਨ੍ਹਾਂ ਦੀ ਵਾਪਸੀ ਵੀ ਮੁਸ਼ਕਲ ਨਜ਼ਰ ਆ ਰਹੀ ਹੈ। ਯੁਵਰਾਜ ਨੇ 19 ਸਾਲ ਦੀ ਉਮਰ 'ਚ ਸਾਲ 2000 'ਚ ਪਹਿਲਾ ਵਨਡੇ ਮੈਚ ਖੇਡਿਆ ਸੀ। ਪਿਛਲੇ 18 ਸਾਲਾਂ ਤੋਂ ਯੁਵਰਾਜ ਭਾਰਤੀ ਕ੍ਰਿਕਟ ਦੀ ਧੁਰੀ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਯੁਵਰਾਜ ਦੇ ਨਾਂ 2 ਅਜਿਹੇ ਰਿਕਾਰਡ ਹਨ, ਜਿਨ੍ਹਾਂ ਦਾ ਟੁੱਟਣਾ ਹੁਣ ਮੁਸ਼ਕਲ ਨਜ਼ਰ ਆਉਂਦਾ ਹੈ। ਕਿਹੜੇ ਹਨ ਉਹ ਰਿਕਾਰਡ। ਆਓ ਜਾਣੀਏ-

ਪਹਿਲਾ ਰਿਕਾਰਡ- ਸਾਲ 2007 ਇਕ ਅਜਿਹਾ ਸਮਾਂ ਸੀ ਜਦੋਂ ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਦੀ ਸਭ ਤੋਂ ਖ਼ਤਰਨਾਕ ਟੀਮ ਮੰਨਿਆ ਜਾਂਦਾ ਸੀ। ਉਸੇ ਦੌਰਾਨ ਯੁਵਰਾਜ ਨੇ ਵਿਸ਼ਵ ਕੱਪ 'ਚ ਇੰਗਲੈਂਡ ਦੇ ਦੌਰੇ ਦੌਰਾਨ ਸਟੁਅਰਟ ਬ੍ਰਾਡ ਦੀਆਂ ਗੇਂਦਾਂ 'ਤੇ ਬਿਨਾ ਕੋਈ ਰਹਿਮ ਦਿਖਾਏ ਮੈਦਾਨ ਦੇ ਹਰ ਨੁਕਰ 'ਚ ਛੱਕੇ ਵਰ੍ਹਾਏ ਸਨ। ਯੁਵਰਾਜ ਦੇ ਇਸ ਗੁੱਸੇ ਦੇ ਪਿੱਛੇ ਇੰਗਲੈਂਡ ਦੇ ਐਂਡ੍ਰਿਊ ਫਲਿੰਟੋਫ ਸਨ ਜਿਨ੍ਹਾਂ ਨੇ ਸਟੁਅਰਟ ਬ੍ਰਾਡ ਦੇ ਓਵਰ ਤੋਂ ਠੀਕ ਪਹਿਲਾਂ ਯੁਵਰਾਜ ਸਿੰਘ ਵੱਲ ਭੱਦੇ ਇਸ਼ਾਰੇ ਕੀਤੇ ਸਨ।

ਦੂਜਾ ਰਿਕਾਰਡ- ਯੁਵਰਾਜ ਨੇ ਅਜੇ ਤੱਕ ਦੇ ਕ੍ਰਿਕਟ ਇਤਿਹਾਸ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਦਰਜ ਕਰਾਇਆ ਹੈ। ਯੁਵਰਾਜ ਸਿੰਘ ਨੇ ਇੰਗਲੈਂਡ ਦੇ ਖਿਲਾਫ ਇਸੇ ਮੈਚ 'ਚ ਸਿਰਫ 12 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਪਾਰੀ ਦੌਰਾਨ ਯੁਵੀ ਨੇ 3 ਚੌਕੇ ਅਤੇ 7 ਸ਼ਾਨਦਾਰ ਛੱਕੇ ਲਗਾ ਕੇ 58 ਦੌੜਾਂ ਦੀ ਯਾਦਗਾਰ ਪਾਰੀ ਖੇਡੀ। ਉਨ੍ਹਾਂ ਦੇ ਇਸ ਰਿਕਾਰਡ ਨੂੰ ਕੌਮਾਂਤਰੀ ਪੱਧਰ 'ਤੇ ਤੋੜਨਾ ਕਿਸੇ ਵੀ ਬੱਲੇਬਾਜ਼ ਲਈ ਸੌਖਾ ਨਹੀਂ ਹੋਣ ਵਾਲਾ।

ਕੈਂਸਰ ਨਾਲ ਪੀੜਤ ਸਨ
2011 ਵਰਲਡ ਕੱਪ ਦੇ ਬਾਅਦ ਪਤਾ ਲਗਿਆ ਕਿ ਯੁਵਰਾਜ ਨੂੰ ਕੈਂਸਰ ਹੈ। ਟ੍ਰੀਟਮੈਂਟ ਲਈ ਯੁਵਰਾਜ ਨੂੰ ਅਮਰੀਕਾ ਜਾਣਾ ਪਿਆ। ਯੁਵਰਾਜ ਸਿੰਘ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਜਦੋਂ ਉਨ੍ਹਾਂ ਦਾ ਇਲਾਜ ਚਲ ਰਾਹ ਸੀ ਉਦੋਂ ਉਨ੍ਹਾਂ ਨੂੰ ਕਦੀ ਅਜਿਹਾ ਨਹੀਂ ਲੱਗਾ ਕਿ ਉਹ ਦੁਬਾਰਾ ਕ੍ਰਿਕਟ ਖੇਡ ਸਕਣਗੇ। ਉਹ ਸਿਰਫ ਆਪਣੀ ਜਾਨ ਬਚਾਉਣਾ ਚਾਹੁੰਦੇ ਸਨ। ਉਨ੍ਹਾਂ ਦੇ ਆਦਰਸ਼ ਸਚਿਨ ਤੇਂਦੁਲਕਰ ਅਤੇ ਅਨਿਲ ਕੁੰਬਲੇ ਜਿਹੇ ਖਿਡਾਰੀ ਯੁਵਰਾਜ ਨੂੰ ਮਿਲਣ ਲਈ ਹਸਪਤਾਲ ਗਏ ਸਨ। ਲਗਭਗ ਢਾਈ ਮਹੀਨੇ ਤਕ ਯੁਵਰਾਜ ਦਾ ਇਲਾਜ ਚਲਿਆ। ਯੁਵਰਾਜ ਠੀਕ ਹੋ ਕੇ ਭਾਰਤ ਪਰਤੇ। ਯੁਵਰਾਜ ਨੂੰ ਟੀਮ 'ਚ ਵਾਪਸੀ ਲਈ ਕਾਫੀ ਸੰਘਰਸ਼ ਕਰਨਾ ਪਿਆ। ਬੀਮਾਰੀ ਤੋਂ ਬਾਅਦ ਟੀਮ 'ਚ ਵਾਪਸੀ ਲਈ ਯੁਵਰਾਜ ਨੂੰ ਲਗਭਗ ਇਕ ਸਾਲ ਕ੍ਰਿਕਟ ਤੋਂ ਦੂਰ ਰਹਿਣਾ ਪਿਆ। ਜਦੋਂ ਉਨ੍ਹਾਂ ਕ੍ਰਿਕਟ 'ਚ ਵਾਪਸੀ ਕੀਤੀ ਤਾਂ ਉਹ ਫਾਰਮ 'ਚ ਨਹੀਂ ਸਨ। ਆਈ.ਪੀ.ਐੱਲ. ਤੋਂ ਲੈ ਕੇ ਰਣਜੀ ਟਰਾਫੀ ਤੱਕ ਯੁਵਰਾਜ ਫਲਾਪ ਹੋ ਰਹੇ ਸਨ, ਪਰ ਯੁਵਰਾਜ ਹਾਰ ਮੰਨਣ ਵਾਲੇ ਨਹੀਂ ਸਨ। ਇਕ ਪਾਸੇ ਉਨ੍ਹਾਂ ਆਪਣੀ ਫਿਟਨੈਸ ਬਣਾਈ ਰੱਖੀ ਤਾਂ ਦੂਜੇ ਪਾਸੇ ਫਾਰਮ 'ਚ ਵਾਪਸੀ ਲਈ ਕਾਫੀ ਮਿਹਨਤ ਕਰਦੇ। ਟੀਮ 'ਚ ਆਉਣ ਲਈ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਫਿਲਹਾਲ ਉਹ ਟੀਮ ਤੋਂ ਬਾਹਰ ਹਨ। ਉਨ੍ਹਾਂ ਨੇ ਆਪਣਾ ਆਖਰੀ ਮੈਚ ਜੂਨ 2017 'ਚ ਖੇਡਿਆ ਸੀ।

Tarsem Singh

This news is Content Editor Tarsem Singh