ਯੁਵਰਾਜ ਸਿੰਘ ਦਾ ਮਾਮਲਾ ਪਹੁੰਚਿਆ ਕੋਰਟ, ਜ਼ਿਲ੍ਹਾ ਪੁਲਸ ਤੋਂ ਮੰਗੀ ਕਾਰਵਾਈ ਦੀ ਰਿਪੋਰਟ

06/18/2020 12:44:27 PM

ਹਿਸਾਰ : ਹਰਿਆਣਾ ਵਿਚ ਹਿਸਾਰ ਦੀ ਇਕ ਅਦਾਲਤ ਨੇ ਸਾਬਕਾ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੀ ਦਲਿਤ ਫਾਈਚਾਰੇ ਲਈ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿਚ ਪੁਲਸ ਤੋਂ ਸਟੇਟਸ ਦੀ ਰਿਪੋਰਟ ਮੰਗੀ ਹੈ। ਅਨੁਸੂਚਿਤ ਜਾਤੀ ਤੇ ਜਨਜਾਤੀ ਅੱਤਿਆਚਾਰ ਐਕਟ ਦੇ ਤਹਿਤ ਸਥਾਪਤ ਵਿਸ਼ੇਸ਼ ਅਦਾਲਤ ਦੇ ਜੱਜ ਬੀ. ਪੀ. ਸਿਰੋਹੀ ਨੇ ਸ਼ਿਕਾਇਤਕਰਤਾ ਤੇ ਐਡਵੋਕੇਟ ਰਜਤ ਕਲਸਨ ਦੀ ਅਪੀਲ 'ਤੇ ਅੱਜ ਹਾਂਸੀ ਦੇ ਪੁਲਸ ਅਧਿਕਾਰੀ ਨੂੰ ਨੋਟਿਸ ਜਾਰੀ ਕਰ 2 ਜੂਨ ਦੀ ਸ਼ਿਕਾਇਤ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ।

ਦਰਅਸਲ, ਯੁਵਰਾਜ ਸਿੰਘ ਨੇ ਇੰਸਟਾਗ੍ਰਾਮ 'ਤੇ ਕ੍ਰਿਕਟਰ ਰੋਹਿਤ ਸ਼ਰਮਾ ਨਾਲ ਗੱਲਬਾਤ ਦੌਰਾਨ ਦਲਿਤਾਂ ਦੇ ਬਾਰੇ ਵਿਚ ਇਕ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਬਾਰੇ ਵਿਚ ਹਾਂਸੀ ਪੁਲਸ ਅਧਿਕਾਰੀ ਨੂੰ 2 ਜੂਨ ਨੂੰ ਇਕ ਸ਼ਿਕਾਇਦ ਦਰਜ ਕਰਾਈ ਗਈ ਸੀ, ਜਿਸ 'ਤੇ ਪੁਲਸ ਨੇ ਅਜੇ ਤਕ ਕੋਈ ਐੱਫ. ਆਈ. ਆਰ. ਦਰਜ ਨਹੀੰ ਕੀਤੀ ਹੈ। ਕਲਸਨ ਨੇ ਆਪਣੀ ਅਪੀਲ ਵਿਚ ਕਿਹਾ ਹੈ ਕਿ ਹਾਲ ਹੀ 'ਚ SC-ST ਐਕਟ ਵਿਚ ਕੀਤੇ ਗਏ ਸੰਸ਼ੋਧਨ ਅਤੇ ਸੁਪਰੀਮ ਕੋਰਟ ਦੇ ਸੰਸ਼ੋਧਨ 'ਤੇ ਦਿੱਤੇ ਗਏ ਫੈਸਲੇ ਮੁਤਾਬਕ ਅਨੁਸੂਚਿਤ ਜਾਤੀ ਅੱਤਿਆਚਾਰ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ 'ਤੇ ਪੁਲਸ ਨੂੰ ਜਾਂਚ ਕਰਨ ਤੋਂ ਪਹਿਲਾਂ ਮੁੱਕਦਮਾ ਦਰਜ ਕਰਨਾ ਹੋਵੇਗਾ। ਹਾਂਸੀ ਪੁਲਸ ਨੇ SC-ST ਐਕਟ ਦੀ ਧਾਰਾ 18ਏ ਤੇ ਰੂਲ 5 ਦੀ ਉਲੰਘਣਾ ਕੀਤੀ ਹੈ ਅਤੇ ਬਿਨਾ ਐੱਫ. ਆਈ. ਆਰ. ਦਰਜ ਕੀਤੇ ਦਰਖਾਸਤ 'ਤੇ ਜਾਂਚ ਸ਼ੁਰੂ ਕਰ ਦਿੱਤੀ।

ਜ਼ਿਕਰਯੋਗ ਹੈ ਕਿ ਯੁਵਰਾਜ ਇਸ ਮਾਮਲੇ ਵਿਚ ਮੁਆਫੀ ਮੰਗ ਚੁੱਕੇ ਹਨ। ਯੁਵਰਾਜ ਨੇ ਇਸ ਮਹੀਨੇ 5 ਜੂਨ ਨੂੰ ਟਵਿੱਟਰ 'ਤੇ ਬਿਆਨ ਜਾਰੀ ਕਰ ਕਿਹਾ ਸੀ ਕਿ ਜੇਕਰ ਮੈਂ ਜਾਣੇ-ਅਣਜਾਣੇ ਵਿਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਇਸ ਦੇ ਲਈ ਮੁਆਫੀ ਮੰਗਦਾ ਹਾਂ। ਮੈਂ ਭਾਰਤ ਅਤੇ ਭਾਰਤੀਆਂ ਨਾਲ ਬਹੁਤ ਪਿਆਰ ਕਰਦਾ ਹਾਂ। ਮੈਂ ਇਸ ਗੱਲ ਨੂੰ ਸਾਫ ਕਰਨਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਅਸਮਾਨਤਾ ਵਿਚ ਭਰੋਸਾ ਨਹੀਂ ਕਰਦਾ, ਚਾਹੇ ਉਹ ਰੰਗਭੇਦ ਹੋਵੇ ਜਾਂ ਲਿੰਗਭੇਦ। ਮੈਂ ਹਮੇਸ਼ਾ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਵਿਚ ਬਿਤਾਉਣਾ ਚਾਹੁੰਦਾ ਹਾਂ। 

Ranjit

This news is Content Editor Ranjit