ਯੁਵਰਾਜ ਨੇ ਉਡਾਇਆ ਟੀਮ ਇੰਡੀਆ ਦਾ ਮਜ਼ਾਕ, ਭੱਜੀ ਤੋਂ ਸ਼ੁਰੂ ਹੋਇਆ ਪੂਰਾ ਮਾਮਲਾ

10/01/2019 3:51:53 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਇਕ ਵਾਰ ਫਿਰ ਤੋਂ ਭਾਰਤੀ ਟੀਮ 'ਤੇ ਤੰਜ ਕੱਸਿਆ ਹੈ। ਉਸ ਨੇ ਭਾਰਤੀ ਟੀਮ ਵਿਚ ਨੰਬਰ 4 ਦੀ ਸਮੱਸਿਆ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ। ਦਰਅਸਲ ਹਾਲ ਹੀ 'ਚ ਭਾਰਤੀ ਟੀਮ ਦੇ ਧਾਕੜ ਸਪਿਨਰ ਹਰਭਜਨ ਸਿੰਘ ਨੇ ਘਰੇਲੂ ਕ੍ਰਿਕਟ ਅਤੇ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ ਸੂਰਯਕੁਮਾਰ ਯਾਵਦ ਦੀ ਤਸਵੀਰ ਪੋਸਟ ਕਰ ਕੇ ਟਵੀਟ ਕੀਤਾ ਸੀ ਕਿ ਸੀਮਤ ਓਵਰ ਕ੍ਰਿਕਟ ਵਿਚ ਅਜੇ ਵੀ ਭਾਰਤੀ ਟੀਮ ਦੀ ਨੰਬਰ 4 ਦੀ ਸਮੱਸਿਆ ਖਤਮ ਨਹੀਂ ਹੋ ਰਹੀ ਹੈ।

ਇਸ ਟਵੀਟ ਵਿਚ ਹਰਭਜਨ ਨੇ ਲਿੱਖਿਆ ਸੀ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਘਰੇਲੂ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸੂਰਯਕੁਮਾਰ ਯਾਦਵ ਨੂੰ ਅਜੇ ਤਕ ਭਾਰਤੀ ਟੀਮ ਵਿਚ ਜਗ੍ਹਾ ਨਹੀਂ ਦਿੱਤਾ ਜਾ ਰਹੀ। ਹਰਭਜਨ ਸਿੰਘ ਦੇ ਇਸ ਪੋਸਟ 'ਤੇ ਯੁਵਰਾਜ ਨੇ ਜਵਾਬ ਦਿੱਤਾ ਅਤੇ ਭਾਰਤੀ ਟੀਮ ਨੂੰ ਟ੍ਰੋਲ ਕੀਤਾ। ਯੁਵਰਾਜ ਨੇ ਰੀਟਵੀਟ ਕਰਦਿਆਂ ਲਿਖਿਆ- ਯਾਰ ਮੈਂ ਕਿਹਾ ਨਾ, ਇਨ੍ਹਾਂ (ਭਾਰਤੀ ਟੀਮ) ਨੂੰ ਇਸਦੀ (ਨੰਬਰ 4) ਦੀ ਜ਼ਰੂਰਤ ਨਹੀਂ ਹੈ। ਭਾਰਤੀ ਟੀਮ ਦਾ ਟਾਪ ਆਰਡਰ ਬਹੁਤ ਮਜ਼ਬੂਤ ਹੈ।

ਦੱਸ ਦਈਏ ਕਿ ਯੁਵਰਾਜ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਭਾਰਤੀ ਟੀਮ ਅਤੇ ਆਪਣੇ ਸੰਨਿਆਸ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਦਿੱਤੇ। ਜਿਸ ਵਜ੍ਹਾ ਤੋਂ ਬੀ. ਸੀ. ਸੀ. ਆਈ. 'ਤੇ ਸਵਾਲ ਉੱਠਣ ਲੱਗੇ। ਯੁਵਰਾਜ ਨੇ ਕਿਹਾ ਕਿ ਉਸ ਨੂੰ ਟੀਮ ਤੋਂ ਬਾਹਰ ਕਰਨ ਲਈ ਬਹਾਨੇ ਬਣਾਏ ਜਾ ਰਹੇ ਸੀ। ਉਸਦੇ ਨਾਲ ਸਹੀ ਵਿਵਹਾਰ ਨਹੀਂ ਕੀਤਾ ਗਿਆ।