ਗਾਂਗੁਲੀ ਨੂੰ ਵਧਾਈ ਦਿੰਦਿਆਂ ਯੁਵੀ ਨੇ BCCI ਨੂੰ ਲਿਆ ਨਿਸ਼ਾਨੇ 'ਤੇ, 'ਦਾਦਾ' ਨੇ ਵੀ ਦਿੱਤਾ ਇੰਝ ਜਵਾਬ

10/19/2019 1:16:51 PM

ਸਪੋਰਟਸ ਡੈਸਕ : ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਪ੍ਰਧਾਨ ਬਣਨ ਜਾ ਰਹੇ ਸੌਰਵ ਗਾਂਗੁਲੀ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਗਾਂਗੁਲੀ ਨੂੰ ਵਧਾਈ ਦੇਣ ਵਾਲਿਆਂ ਵਿਚ ਭਾਰਤੀ ਮਹਾਨ ਆਲਰਾਊਂਡਰ ਅਤੇ ਸਿਕਸਰ ਕਿੰਗ ਕਹੇ ਜਾਣ ਵਾਲੇ ਯੁਵਰਾਜ ਸਿੰਘ ਵੀ ਸ਼ਾਮਲ ਹਨ। ਹਾਲਾਂਕਿ ਇਸ ਵਧਾਈ ਦੇ ਪਿੱਛੇ ਇਕ ਖਾਸ ਗੱਲ ਇਹ ਰਹੀ ਕਿ ਯੁਵੀ ਵੱਲੋਂ ਦਾਦਾ ਨੂੰ ਵਧਾਈ ਦੇਣ ਦੇ ਨਾਲ ਹੀ ਬੀ. ਸੀ. ਸੀ. ਆਈ. 'ਤੇ ਯੋ-ਯੋ ਟੈਸਟ ਨੂੰ ਲੈ ਕੇ ਤੰਜ ਵੀ ਕੱਸਿਆ ਗਿਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਗਾਂਗੁਲੀ ਨੇ ਵੀ ਇਸ 'ਤੇ ਇੰਝ ਜਵਾਬ ਦਿੱਤਾ।

ਦਰਅਸਲ ਯੁਵਰਾਜ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, ''ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੋਂ ਲੈ ਕੇ ਬੀ. ਸੀ. ਸੀ. ਆਈ. ਪ੍ਰਧਾਨ ਬਣਨ ਦਾ ਮਹਾਨ ਵਿਅਕਤੀ ਦਾ ਸਫਰ। ਮੇਰਾ ਮੰਨਣਾ ਹੈ ਕਿ ਕ੍ਰਿਕਟਰ ਲਈ ਪ੍ਰਸ਼ਾਸਕ ਬਣਨਾ ਬਹੁਤ ਚੰਗਾ ਹੁੰਦਾ ਹੈ ਕਿਉਂਕਿ ਇਸ ਵਿਚ ਤੁਸੀਂ ਖਿਡਾਰੀ ਦੇ ਲਿਹਾਜ ਤੋਂ ਹਾਲਾਤ ਨੂੰ ਸਮਝਦੇ ਹੋ। ਕਾਸ਼ ਤੁਸੀਂ ਉਸ ਸਸੇਂ ਪ੍ਰਧਾਨ ਬਣਦੇ ਜਦੋਂ ਯੋ-ਯੋ ਟੈਸਟ ਦੀ ਮੰਗ ਸੀ। ਤੁਹਾਨੂੰ ਸ਼ੁਭਕਾਮਨਾਵਾਂ ਦਾਦਾ।'' ਯੁਵਰਾਜ ਦਾ ਇਸ਼ਾਰਾ ਆਪਣੇ ਕੌਮਾਂਤਰੀ ਕਰੀਅਰ ਦੇ ਆਖਰੀ ਦਿਨਾ ਵਲ ਸੀ ਜਦੋਂ ਟੀਮ ਇੰਡੀਆ ਵਿਚ ਜਗ੍ਹਾ ਪਾਉਣ ਲਈ ਯੋ-ਯੋ ਟੈਸਟ ਮਹੱਤਵਪੂਰਨ ਕਰ ਦਿੱਤਾ ਗਿਆ ਸੀ।

ਇਸ ਟਵੀਟ ਤੋਂ ਬਾਅਦ 'ਪ੍ਰਿੰਸ ਆਫ ਕੋਲਕਾਤਾ' ਸੌਰਵ ਗਾਂਗੁਲੀ ਨੇ ਵੀ ਯੁਵਰਾਜ ਸਿੰਘ ਨੂੰ ਜਵਾਬ ਦਿੰਦਿਆਂ ਕਿਹਾ, '' ਸ਼ੁਭਕਾਮਨਾਵਾਂ ਲਈ ਧੰਨਵਾਦ, ਤੁਸੀਂ ਵਰਲਡ ਕੱਪ ਜਿਤਾਏ ਹਨ। ਹੁਣ ਸਮਾਂ ਆ ਗਿਆ ਹੈ ਕਿ ਖੇਡ ਲਈ ਕੁਝ ਬਿਹਤਰ ਕੀਤਾ ਜਾਵੇ। ਤੁਸੀਂ ਮੇਰੇ ਸੁਪਰਸਟਾਰ ਹੋ। ਭਗਵਾਨ ਤੁਹਾਡਾ ਭਲਾ ਕਰੇ।''

ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਦੇ ਕਰੀਅਰ ਦੀ ਸ਼ੁਰੂਆਤ 'ਦਾਦਾ' (ਸੌਰਵ ਗਾਂਗੁਲੀ) ਦੀ ਕਪਤਾਨੀ ਦੌਰਾਨ ਹੀ ਹੋਈ ਸੀ। ਯੁਵਰਾਜ ਨੇ ਭਾਰਤ ਲਈ 2007 ਟੀ-20 ਵਰਲਡ ਕੱਪ ਅਤੇ 2011 ਵਨ ਡੇ ਵਰਲਡ ਕੱਪ ਜਿਤਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 2007 ਟੀ-20 ਵਰਲਡ ਕੱਪ ਵਿਚ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੂੰ 6 ਗੇਂਦਾਂ ਵਿਚ 6 ਛੱਕੇ ਲਗਾ ਕੇ ਇਤਿਹਾਸ ਰਚਿਆ ਸੀ ਉੱਥੇ ਹੀ 2011 ਵਨ ਡੇ ਵਰਲਡ ਕੱਪ ਵਿਚ ਯੁਵਰਾਜ 'ਮੈਨ ਆਫ ਦਿ ਸੀਰੀਜ਼' ਰਹੇ ਸੀ।