ਯੂਕੀ ਨੇ ਮਿਆਮੀ ਮਾਸਟਰਸ ਲਈ ਕੀਤਾ ਕੁਆਲੀਫਾਈ

03/21/2018 11:45:29 PM

ਮਿਆਮੀ— ਯੂਕੀ ਭਾਂਬਰੀ ਨੇ ਦੂਸਰੇ ਅਤੇ ਆਖਰੀ ਕੁਆਲੀਫਾਇੰਗ ਦੌਰ ਵਿਚ ਸਵੀਡਨ ਦੇ ਏਲੀਆਸ ਯਮਰ ਨੂੰ 7-5, 6-2 ਨਾਲ ਹਰਾ ਕੇ ਮਿਆਮੀ ਮਾਸਟਰਸ ਦੇ ਮੁੱਖ ਡਰਾਅ 'ਚ ਜਗ੍ਹਾ ਬਣਾ ਲਈ। ਯੂਕੀ ਨੇ ਲਗਾਤਾਰ ਦੂਸਰੇ ਏ. ਟੀ. ਪੀ. 1000 ਟੂਰਨਾਮੈਂਟ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ ਹੈ। ਭਾਰਤ ਦੇ 25 ਸਾਲਾ ਖਿਡਾਰੀ ਅਤੇ ਵਿਸ਼ਵ ਵਿਚ 133ਵੇਂ ਨੰਬਰ ਦੇ ਯਮਰ ਵਿਚਾਲੇ ਇਹ ਦੂਸਰਾ ਮੁਕਾਬਲਾ ਸੀ। 
ਇਸ ਤੋਂ ਪਹਿਲਾਂ 2015 'ਚ ਐਪਟਾਪਸ ਵਿਚ ਯੂਕੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਡੇਵਿਸ ਕੱਪ ਖਿਡਾਰੀ ਨੇ ਇਸ ਤੋਂ ਪਹਿਲਾਂ ਇੰਡੀਅਨ ਵੇਲਸ ਮਾਸਟਰਸ ਲਈ ਕੁਆਲੀਫਾਈ ਕੀਤਾ ਸੀ। ਦੂਸਰੇ ਦੌਰ ਵਿਚ ਵਿਸ਼ਵ ਦੇ 12ਵੇਂ ਨੰਬਰ ਦੇ ਖਿਡਾਰੀ ਲੁਕਾਸ ਪੋਉਲ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ। ਮੁੱਖ ਡਰਾਅ ਦੇ ਪਹਿਲੇ ਦੌਰ ਵਿਚ ਯੂਕੀ ਦਾ ਸਾਹਮਣਾ ਬੋਸਨੀਆ ਦੇ ਵਿਸ਼ਵ 'ਚ 75ਵੇਂ ਨੰਬਰ ਦੇ ਮਿਰਜ਼ਾ ਬਾਸਿਕ ਨਾਲ ਹੋਵੇਗਾ। ਇਹ ਇਨ੍ਹਾਂ ਦੋਵਾਂ ਵਿਚਾਲੇ ਦੂਸਰਾ ਮਹਾ-ਮੁਕਾਬਲਾ ਹੋਵੇਗਾ। ਬਾਸਿਕ 2016 'ਚ ਸੋਫੀਆ ਵਿਚ ਜਿੱਤ ਦਰਜ ਕਰਨ 'ਚ ਸਫਲ ਰਿਹਾ ਸੀ।
ਯੂਕੀ ਇਸ ਪਹਿਲੇ ਅੜਿੱਕੇ ਨੂੰ ਪਾਰ ਕਰਨ 'ਚ ਸਫਲ ਰਹਿੰਦਾ ਤਾਂ ਦੂਸਰੇ ਦੌਰ ਵਿਚ ਉਸ ਨੂੰ ਵਿਚ ਦੇ 11ਵੇਂ ਨੰਬਰ ਅਤੇ 8ਵਾਂ ਦਰਜਾ ਪ੍ਰਾਪਤ ਅਮਰੀਕੀ ਜੈਕ ਸਾਕ ਨਾਲ ਭਿੜਨਾ ਪੈ ਸਕਦਾ ਸੀ। ਯੂਕੀ ਸਿੰਗਲਜ਼ ਦੇ ਮੁੱਖ ਡਰਾਅ ਵਿਚ ਹਿੱਸਾ ਲੈਣ ਵਾਲਾ ਇਕੱਲਾ ਭਾਰਤੀ ਹੈ। ਡਬਲਜ਼ ਵਿਚ ਰੋਹਨ ਬੋਪੰਨਾ ਅਤੇ ਉਸ ਦੇ ਜੋੜੀਦਾਰ ਏਡੁਆਰਡ ਬੇਸਲਿਨ ਦਾ ਸਾਹਮਣਾ ਏਡ੍ਰੀਅਨ ਮਾਨੇਰੀਨੋ ਅਤੇ ਦਾਨਿਲ ਮੇਦਵੇਦੇਵ ਦੀ ਜੋੜੀ ਨਾਲ ਹੋਵੇਗਾ।