ਨੌਜਵਾਨ ਟੈਨਿਸ ਸਟਾਰ ਸੁਮਿਤ ਇੰਡੀਅਨ ਸਪੋਰਟਸ ਆਨਰ ਲਈ ਨਾਮਜ਼ਦ

02/29/2020 4:53:36 PM

ਨਵੀਂ ਦਿੱਲੀ : ਭਾਰਤ ਦੇ ਉਭਰਦੇ ਨੌਜਵਾਨ ਟੈਨਿਸ ਸਟਾਰ ਸੁਮਿਤ ਨਾਗਲ ਨੂੰ ਇੰਡੀਅਨ ਸਪੋਰਟਸ ਆਨਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਵਿਸ਼ਵ ਰੈਂਕਿੰਗ ਵਿਚ 127ਵੇਂ ਨੰਬਰ ’ਤੇ ਮੌਜੂਦ ਸੁਮਿਤ ਪਿਛਲੇ ਸਾਲ ਦੇ ਚੌਥੇ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਮੁੱਖ ਡਰਾਅ ਵਿਚ ਪਹੁੰਚਿਆ ਸੀ ਅਤੇ ਉਸ ਨੇ ਟੈਨਿਸ ਦੇ ਲੀਜੈਂਡ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਵਿਰੁੱਧ ਪਹਿਲਾ ਸੈੱਟ ਜਿੱਤ ਕੇ ਤਹਿਲਕਾ ਮਚਾ ਦਿੱਤਾ ਸੀ। ਹਾਲਾਂਕਿ ਫੈਡਰਰ ਨੇ ਅਗਲੇ ਤਿੰਨ ਸੈੱਟ ਜਿੱਤ ਕੇ ਮੈਚ ਆਪਣੇ ਨਾਂ ਕਰ ਲਿਆ ਸੀ। ਸੁਮਿਤ ਨੂੰ ਇੰਡੀਅਨ ਸਪੋਰਟਸ ਆਨਰ ਵਿਚ ਬ੍ਰੇਕਥਰੂ ਪ੍ਰਫਰਾਮੈਂਸ ਆਫ ਦਿ ਯੀਅਰ-ਪੁਰਸ਼ ਵਰਗ ਵਿਚ ਨਾਮਜ਼ਦ ਕੀਤਾ ਗਿਆ ਹੈ। 

ਹਰਿਆਣਾ ਦੇ ਝੱਝਰ ਦੇ ਸੁਮਿਤ ਨੂੰ ਇਸ ਪੁਰਸਕਾਰ ਲਈ ਕ੍ਰਿਕਟਰ ਮਯੰਕ ਅਗਰਵਾਲ, ਕਬੱਡੀ ਖਿਡਾਰੀ ਨਵੀਮ ਕੁਮਾਰ ਅਤੇ ਫੁੱਟਬਾਲਰ ਬ੍ਰੈਂਡਨ ਫਰਨਾਂਡਿਸ ਤੋਂ ਚੁਣੌਤੀ ਮਿਲੇਗੀ। ਇਸ ਪੁਰਸਕਾਰ ਦਾ ਫੈਸਲਾ ਟਵਿੱਟਰ ਪੋਲ ਦੇ ਜ਼ਰੀਏ ਹੋਣਾ ਹੈ, ਜਿਸ ਦੇ ਲਈ ਵੋਟਿੰਗ ਚਲ ਰਹੀ ਹੈ। ਹੁਣ ਤਕ ਇਸ ਐਵਾਰਡ ਵਿਚ 2000 ਵੋਟਾਂ ਆ ਚੁੱਕੀਆਂ ਹਨ ਅਤੇ ਸੁਮਿਤ ਦੇ ਹਿੱਸੇ 29 ਫੀਸਦੀ ਵੋਟਾਂ ਹਨ, ਜਦਕਿ ਮਯੰਕ ਦੇ ਹਿੱਸੇ 38 ਫੀਸਦੀ ਵੋਟਾਂ ਹਨ। ਵੋਟਿੰਗ ਅਜੇ ਟਵਿੱਟਰ ’ਤੇ 6 ਦਿਨ ਹੋ ਜਾਰੀ ਰਹੇਗੀ।