ਯੂ. ਬੀ. ਏ. ਦਾ 30 ਭਾਰਤੀ ਖਿਡਾਰੀਆਂ ਨਾਲ ਕਰਾਰ

11/14/2017 11:57:36 PM

ਨਵੀਂ ਦਿੱਲੀ— ਸਾਬਕਾ ਐੱਨ. ਬੀ. ਏ. ਖਿਡਾਰੀ ਸਤਨਾਮ ਸਿੰਘ ਦੀ ਚੋਣ ਤੋਂ ਬਾਅਦ ਯੂਨਾਈਟਿਡ ਬਾਸਕਟਬਾਲ ਅਲਾਇੰਸ (ਯੂ. ਬੀ. ਏ.) ਨੇ 29 ਹੋਰ ਪ੍ਰਤਿਭਾਸ਼ਾਲੀ ਭਾਰਤੀ ਖਿਡਾਰੀਆਂ ਨਾਲ ਕਈ ਸਾਲਾਂ ਦੇ ਕਰਾਰ 'ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ। 
ਯੂ. ਬੀ. ਏ. ਦਾ ਪੰਜਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਤੇ ਅਜਿਹੇ ਸਮੇਂ 'ਚ ਲੀਗ ਨੇ ਭਾਰਤ ਵਿਚ ਬਾਸਕਟਬਾਲ ਦੇ ਵਿਕਾਸ ਪ੍ਰਤੀ ਆਪਣੀ ਪ੍ਰ੍ਰਤੀਬੱਧਤਾ ਨੂੰ ਦ੍ਰਿੜ੍ਹ ਕਰਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਚੁੱਕਿਆ ਹੈ। ਯੂ. ਬੀ. ਏ. ਦੇ ਖੇਡ ਡਾਇਰੈਕਟਰ ਏ. ਸੀ. ਗ੍ਰੀਨ ਨੇ ਕਿਹਾ ਕਿ ਉਹ ਇਸ ਕਰਾਰ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਆਉਣ ਵਾਲੇ ਸਮੇਂ ਵਿਚ ਭਾਰਤੀ ਬਾਸਕਟਬਾਲ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਆਸਵੰਦ ਹਨ।
ਖਿਡਾਰੀਆਂ ਨਾਲ ਕਰਾਰ ਦੀ ਮਿਆਦ ਤਿੰਨ ਤੋਂ ਪੰਜ ਸਾਲਾਂ ਦੀ ਹੈ, ਜਿਸ ਦੀ ਕੁਲ ਰਾਸ਼ੀ 16 ਕਰੋੜ ਰੁਪਏ ਤੋਂ ਵੀ ਵੱਧ ਹੈ। ਇਸ ਕਰਾਰ ਜ਼ਰੀਏ ਸ਼ਾਮਲ ਸਾਰੇ ਖਿਡਾਰੀਆਂ ਨੂੰ ਅਮਰੀਕਾ ਦੇ ਚੋਟੀ ਦੇ ਮਾਹਿਰਾਂ ਕੋਲੋਂ ਬਾਸਕਟਬਾਲ ਤੇ ਫਿੱਟਨੈੱਸ ਦੀ ਟਰੇਨਿੰਗ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੋਸ਼ਣ ਸੰਬੰਧੀ ਮਾਰਗਦਰਸ਼ਨ ਵੀ ਦਿੱਤਾ ਜਾਵੇਗਾ, ਜਿਸ ਨਾਲ ਉਹ ਆਪਣੀ ਸਮਰੱਥਾ ਦਾ ਜ਼ਿਆਦਾ ਇਸਤੇਮਾਲ ਕਰ ਸਕਣਗੇ।
ਜਿਨ੍ਹਾਂ ਖਿਡਾਰੀਆਂ ਨਾਲ ਕਰਾਰ ਕੀਤਾ ਗਿਆ ਹੈ, ਉਨ੍ਹਾਂ ਵਿਚ ਐੱਨ. ਬੀ. ਏ. ਵਿਚ ਸ਼ਾਮਲ ਹੋਣ ਵਾਲੇ ਪਹਿਲੇ ਖਿਡਾਰੀ ਸਤਨਾਮ ਸਿੰਘ ਤੋਂ ਇਲਾਵਾ ਪਲਪ੍ਰੀਤ ਬਰਾੜ, ਮੁੰਬਈ ਚੈਲੰਜਰਸ ਦਾ ਜਗਦੀਪ ਸਿੰਘ ਬੈਂਸ, ਚੇਨਈ ਸਲੈਮ ਦੇ ਰਿਕਿਨ ਥੇਪਾਨੀ, ਹਰਿਆਣਾ ਗੋਲਡ ਦਾ ਯਾਦਵਿੰਦਰ ਸਿੰਘ ਵਰਗੇ ਵੱਡੇ ਸਿਤਾਰੇ ਸ਼ਾਮਲ ਹਨ।