ਸਰਫਰਾਜ਼ ਨੂੰ ਬੂਟ ਫੜ੍ਹੇ ਵੇਖ ਗੁੱਸੇ ’ਚ ਆਇਆ ਸ਼ੋਏਬ ਅਖ਼ਤਰ, ਟੀਮ ਮੈਨੇਜਮੈਂਟ ’ਤੇ ਕੱਢੀ ਭੜਾਸ

08/07/2020 6:10:12 PM

ਸਪੋਰਟਸ ਡੈਸਕ– ਪਾਕਿਸਤਾਨ ਦੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੂੰ ਓਲਡ ਟ੍ਰੈਫਰਡ ’ਚ ਖੇਡੇ ਜਾ ਰਹੇ ਇੰਗਲੈਂਡ ਖਿਲਾਫ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ 12ਵੇਂ ਖਿਡਾਰੀ ਦੇ ਰੂਪ ’ਚ ਡਿਊਟੀ ਕਰਦੇ ਹੋਏ ਵੇਖਿਆ ਗਿਆ। ਇਸ ਦੌਰਾਨ ਉਹ ਸਾਥੀ ਖਿਡਾਰੀਆਂ ਨੂੰ ਪਾਣੀ ਪਿਲਾਉਂਦੇ ਅਤੇ ਬੂਟ ਫੜ੍ਹੇ ਹੋਏ ਨਜ਼ਰ ਆਏ। ਇਹ ਗੱਲ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੂੰ ਰਾਸ ਨਹੀਂ ਆਈ ਅਤੇ ਟੀਮ ਪ੍ਰਬੰਧਨ ’ਤੇ ਭੜਕ ਉੱਠੇ। ਅਖ਼ਤਰ ਨੇ ਕਿਹਾ, ਤੁਸੀਂ ਸਰਫਰਾਜ਼ ਨੂੰ ਬੂਟ ਚੁੱਕਣ ਲਈ ਰੱਖਿਆ ਹੈ। 

ਅਖ਼ਤਰ ਨੇ ਕਿਹਾ ਕਿ ਮੈਨੂੰ ਇਹ ਪਸੰਦ ਨਹੀਂ ਆਇਆ। ਜੇਕਰ ਤੁਸੀਂ ਕਰਾਚੀ ਦੇ ਕਿਸੇ ਲੜਕੇ ਦਾ ਉਦਾਹਰਣ ਬਣਾਉਣਾ ਚਾਹੁੰਦੇ ਹੋ ਤਾਂ ਇਹ ਗਲਤ ਹੈ। ਜਿਸ ਖਿਡਾਰੀ ਨੇ 4 ਸਾਲ ਤਕ ਪਾਕਿਸਤਾਨੀ ਟੀਮ ਦੀ ਅਗਵਾਹੀ ਕੀਤੀ ਹੋਵੇ ਅਤੇ ਦੇਸ਼ਲਈ ਚੈਂਪੀਅਨਜ਼ ਟ੍ਰਾਫੀ ਜਿੱਤੀ ਹੋਵੇ ਤੁਸੀਂ ਉਸ ਨਾਲ ਅਜਿਹਾ ਨਹੀਂ ਕਰ ਸਕੇ। ਤੁਸੀਂ ਉਸ ਨੂੰ ਬੂਟ ਲੈ ਕੇ ਜਾਣ ਲਈ ਰੱਖਿਆ ਹੈ। ਜੇਕਰ ਉਸ ਨੇ ਖ਼ੁਦ ਅਜਿਹਾ ਕੀਤਾ ਹੈ ਤਾਂ ਉਸ ਨੂੰ ਰੋਕੋ। ਵਸੀਮ ਅਕਰਮ ਮੇਰੇ ਲਈ ਕਦੇ ਵੀ ਜੁੱਤੇ ਨਹੀਂ ਲਿਆਏ ਸਨ। 

ਰਾਵਲਪਿੰਡੀ ਐਕਸਪ੍ਰੈਸ ਨੇ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਸਰਫਰਾਜ਼ ਕਿੰਨਾ ਸ਼ਾਂਤ ਅਤੇ ਕਮਜ਼ੋਰ ਹੈ। ਉਸ ਨੇ ਉਸੇ ਤਰ੍ਹਾਂ ਪਾਕਿਸਤਾਨੀ ਟੀਮ ਦੀ ਅਗਵਾਹੀ ਕੀਤੀ ਹੋਵੇਗੀ ਜਿਵੇਂ ਉਸ ਨੇ ਬੂਟ ਚੁੱਕੇ ਸਨ। ਇਹੀ ਕਾਰਨ ਹੈ ਕਿ (ਸਾਬਕਾ ਕੋਚ) ਮਿਕੀ ਆਰਥਰ ਹਮੇਸ਼ਾ ਉਨ੍ਹਾਂ ’ਤੇ ਹਾਵੀ ਰਹੇ। ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਬੂਟ ਲੈ ਕੇ ਜਾਣਾ ਇਕ ਸਮੱਸਿਆ ਹੈ ਪਰ ਸਾਬਕਾ ਕਪਤਾਨ ਅਜਿਹਾ ਨਹੀਂ ਕਰ ਸਕਦਾ।

ਮੁੱਖ ਕੋਚ ਅਤੇ ਚੋਣਕਰਤਾ ਨੇ ਕਹੀ ਇਹ ਗੱਲ
ਮੁੱਖ ਕੋਚ ਅਤੇ ਮੁੱਖ ਚੋਣਕਰਤਾ ਮਿਸਬਾਹ-ਉਲ-ਹਕ ਨੇ ਵੀ ਇਸ ਵਿਵਾਦ ’ਤੇ ਧਿਆਨ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਚਰਚਾ ਸਿਰਫ ਪਾਕਿਸਤਾਨ ’ਚ ਹੋ ਸਕਦੀ ਹੈ। ਮਿਸਬਾਹ ਨੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਇਕ ਵੀਡੀਓ ਕਾਨਫਰੰਸਿੰਗ ਦੌਰਾਨ ਕਿਹਾ ਕਿ ਮੈਂ 12ਵੇਂ ਵਿਅਕਤੀ ਦੀ ਡਿਊਟੀ ਵੀ ਕੀਤੀ ਹੈ, ਜਦੋਂ ਮੈਂ ਕਪਤਾਨ ਸੀ ਅਤੇ ਆਸਟ੍ਰੇਲੀਆ ਖਿਲਾਫ ਮੈਚ ’ਚ ਬਾਹਰ ਬੈਠਾ ਸੀ। ਅਜਿਹਾ ਕਰਨਾ ਕੋਈ ਸ਼ਰਮ ਨਹੀਂ ਹੈ। 

ਮਿਸਬਾਹ ਨੇ ਕਿਹਾ ਕਿ ਸਰਫਰਾਜ਼ ਇਕ ਬਿਹਤਰੀਨ ਇਨਸਾਨ ਅਤੇ ਖਿਡਾਰੀ ਹੈ। ਉਹ ਜਾਣਦਾ ਹੈ ਕਿ ਇਹ ਇਕ ਟੀਮ ਗੇਮ ਹੈ। ਜਦੋਂ ਦੂਜੇ ਖਿਡਾਰੀ ਬਾਹਰ ਅਭਿਆਸ ਕਰ ਰਹੇ ਹੁੰਦੇ ਹਨ ਤਾਂ ਜੋ ਖਿਡਾਰੀ ਉਪਲੱਬਧ ਹੁੰਦਾ ਹੈ, ਉਸ ਨੂੰ ਮਦਦ ਕਰਨੀ ਹੁੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਅਸਧਾਰਨ ਗੱਲ ਨਹੀਂ ਹੈ। ਅਸਲ ’ਚ ਇਹ ਵੱਡੀ ਗੱਲ ਹੈ ਕਿ ਸਰਫਰਾਜ਼ ਨੂੰ ਅਜਿਹਾ ਕਰਨ ’ਚ ਕੋਈ ਇਤਰਾਜ਼ ਨਹੀਂ ਹੈ। ਨਾਲ ਹੀ ਇਕ ਚੰਗੀ ਟੀਮ ਦਾ ਸੰਕੇਤ ਵੀ ਹੈ। 

Rakesh

This news is Content Editor Rakesh