YFC ਰੁੜਕਾ ਕਲਾਂ ਦੀ ਖੇਡ ਲੀਗ ਦੀ ਸ਼ਾਨਦਾਰ ਸ਼ੁਰੂਆਤ

11/15/2018 12:24:05 AM

ਜਲੰਧਰ (ਜ. ਬ.)- ਜਗ ਬਾਣੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 8ਵੀਂ ਐਜੂਕੇਸ਼ਨਲ ਫੁੱਟਬਾਲ ਲੀਗ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਹੋਈ। ਵਾਈ. ਐੱਫ. ਸੀ. ਰੁੜਕਾ ਕਲਾਂ ਸਟੇਡੀਅਮ ਵਿਖੇ ਲੀਗ ਦਾ ਉਦਘਾਟਨੀ ਸਮਾਰੋਹ ਕੱਲ ਕੀਤਾ ਗਿਆ । ਇਸ ਲੀਗ ਦੇ ਨਾਲ-ਨਾਲ ਅੰਤਰਰਾਸ਼ਟਰੀ ਮਹਿਲਾ ਫੁੱਟਬਾਲ ਫੈਸਟੀਵਲ ਦਾ ਵੀ ਉਦਘਾਟਨ ਕੀਤਾ ਗਿਆ, ਜਿਸ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਕੈਨੇਡਾ, ਇੰਗਲੈਂਡ, ਜਰਮਨ, ਇਜ਼ਰਾਈਲ, ਰਵਾਂਡਾ, ਕੀਨੀਆ, ਦੱਖਣੀ ਅਫਰੀਕਾ, ਕੰਬੋਡੀਆ, ਚਿਲੀ, ਬ੍ਰਾਜ਼ੀਲ, ਪੈਰਾਗਵੇ, ਨੇਪਾਲ ਅਤੇ ਰਾਸ਼ਟਰੀ ਪੱਧਰ 'ਤੇ ਮੁੰਬਈ, ਨਾਗਪੁਰ, ਬੈਂਗਲੁਰੂ, ਝਾਰਖੰਡ, ਮਿਜ਼ੋਰਮ ਅਤੇ ਪੰਜਾਬ ਦੀਆਂ ਟੀਮਾਂ ਨੇ ਹਿੱਸਾ ਲਿਆ। 
ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸੰਸਥਾ ਫੁੱਟਬਾਲ ਗਲੋਬਲ ਲਰਨਿੰਗ ਦੀ ਮੀਟਿੰਗ 'ਚ ਦੁਨੀਆ ਦੇ ਕਈ ਦੇਸ਼ਾਂ ਤੋਂ ਐੱਫ. ਐੱਲ. ਜੀ. ਦੇ ਮੈਂਬਰਾਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਇਸ ਸਮਾਰੋਹ ਦੇ ਸ਼ੁਰੂ ਵਿਚ ਫੁੱਟਬਾਲ-3 ਦੇ ਮੈਚ ਕਰਵਾਏ ਗਏ। ਫੁੱਟਬਾਲ-3 ਦਾ ਮੈਚ ਫੈਸਟੀਵਲ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਤੋਂ ਬਾਅਦ ਫੁੱਟਬਾਲ ਦਾ ਮੈਚ ਕਰਵਾਇਆ ਗਿਆ, ਜੋ ਓਟਾਵਾ ਫਿਉਟੋਰੋ ਕੈਨੇਡਾ ਦੀ ਟੀਮ ਅਤੇ ਫੁੱਟਬਾਲ ਅਕੈਡਮੀ ਮਜਾਰਾ ਢੀਂਗਰੀਆਂ ਵਿਚਕਾਰ ਖੇਡਿਆ ਗਿਆ, ਜਿਸ 'ਚ ਕੈਨੇਡਾ ਨੇ ਮਜਾਰਾ ਢੀਂਗਰੀਆਂ ਦੀ ਟੀਮ ਨੂੰ 4-3 ਨਾਲ ਹਰਾਇਆ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਟੀਮਾਂ ਰਾਇਲ ਕਿੰਗਜ਼ ਯੂ. ਐੱਸ. ਏ. ਅਤੇ ਬੇ-ਏਰੀਆ ਸਪੋਰਟਸ ਕਲੱਬ, ਕੈਲੀਫੋਰਨੀਆ ਵਿਚਕਾਰ ਬੇ-ਏਰੀਆ ਸਪੋਰਟਸ ਕਲੱਬ ਵੱਲੋਂ ਸਪਾਂਸਰ ਮੈਚ ਕਰਵਾਇਆ ਗਿਆ, ਜਿਸ ਵਿਚ ਬੇ-ਏਰੀਆ ਕੈਲੀਫੋਰਨੀਆ ਦੀ ਟੀਮ ਨੇ ਜਿੱਤ ਹਾਸਲ ਕਰਦਿਆਂ 1 ਲੱਖ 74 ਹਜ਼ਾਰ ਰੁਪਏ ਦੇ ਇਨਾਮ ਵਾਲਾ ਸ਼ੋਅ ਮੈਚ ਜਿੱਤਿਆ । ਇਸ ਦੇ ਨਾਲ ਹੀ ਦੂਜੇ ਸਥਾਨ 'ਤੇ ਰਹੀ ਰਾਇਲ ਕਿੰਗਜ਼ ਯੂ. ਐੱਸ. ਏ. 75 ਹਜ਼ਾਰ ਦੇ ਇਨਾਮ ਦੀ ਹੱਕਦਾਰ ਬਣੀ । ਇਸ ਦੇ ਨਾਲ ਕਬੱਡੀ ਦੇ ਸ਼ੋਅ ਮੈਚ ਵਿਚ ਬੈਸਟ ਜਾਫੀ ਜੱਗਾ ਚਿੱਟੀ ਤੇ ਬੈਸਟ ਰੇਡਰ ਕਮਲ ਨਵਾਂ ਪਿੰਡ ਨੂੰ 21-21 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ। ਇਸ ਸਮਾਰੋਹ ਵਿਚ ਬੱਚਿਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੰਜਾਬ ਦੇ ਪ੍ਰਸਿੱਧ ਗਾਇਕ ਕਮਲ ਹੀਰ ਨੇ ਦੇਸ਼-ਵਿਦੇਸ਼ਾਂ ਤੋਂ ਆਈਆਂ ਟੀਮਾਂ ਅਤੇ ਦਰਸ਼ਕਾਂ ਦਾ ਪੰਜਾਬੀ ਵਿਰਸੇ ਦੀ ਉੱਤਮ ਗਾਇਕੀ ਨਾਲ ਮਨੋਰੰਜਨ ਕੀਤਾ। 
ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਪੋਰਟਸ ਡਾਇਰੈਕਟਰ ਮੈਡਮ ਅੰਮ੍ਰਿਤ ਗਿੱਲ ਸ਼ਾਮਲ ਹੋਏ । ਇਸ ਮੌਕੇ ਯੂਥ ਕਾਂਗਰਸ ਨੇਤਾ ਵਿਕਰਮਜੀਤ ਸਿੰਘ ਚੌਧਰੀ, ਜਨਰੇਸ਼ਨ ਅਮੇਜਿੰਗ ਤੋਂ ਹਾਲਾ ਖਾਲਿਫ, ਅਲਵੀਰਾ ਅਤੇ ਫੀਫਾ ਫੁੱਟਬਾਲ ਵਰਲਡ ਕੱਪ 2020 ਦੀ ਕਮੇਟੀ ਮੈਂਬਰ ਜੋਹਾਨਾ ਬਾਰਕਾਟ, ਕਿੱਕ ਫੇਅਰ ਤੋਂ ਨਦਾਇਨ ਅਤੇ ਡੇਵਿਡ ਨੇ ਵਿਸ਼ੇਸ਼ ਮਹਿਮਾਨ ਵਜੋਂ ਇਸ ਉਦਘਾਟਨੀ ਸਮਾਰੋਹ 'ਚ ਹਿੱਸਾ ਲਿਆ। ਇਸ ਮੌਕੇ ਕੁਲਵਿੰਦਰ ਸਿੰਘ ਸੰਧੂ ਕਾਲਾ, ਗੁਰਵਿੰਦਰ ਸਿੰਘ ਸੰਧੂ (ਸਾਬਕਾ ਸਰਪੰਚ), ਦਲਜੀਤ ਕੁਮਾਰ ਰਿੰਡੀ (ਮੈਂਬਰ ਬਲਾਕ ਸੰਮਤੀ), ਸ਼ਿੰਦਾ ਬੇ. ਈ. (ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ), ਲੁਪਿੰਦਰ ਕੁਮਾਰ, ਸੰਤੋਖ ਸਿੰਘ ਬਾਸੀ, ਸੰਜੀਵ ਪਰਮਾਰ, ਅਰਜੁਨ ਸਿੰਘ ਲੰਬੜਦਾਰ, ਡਾ. ਲੇਖਰਾਜ ਲਵਲੀ, ਰਮਿੰਦਰਜੀਤ ਸਿੰਘ ਲੰਬੜਦਾਰ, ਜਸਪ੍ਰੀਤ ਸਿੰਘ ਮਾਣਕੂ (ਸਰਪੰਚ), ਬਲਵੀਰ ਸਿੰਘ ਬਿੱਟੂ (ਪ੍ਰਧਾਨ ਨਾਰਥ ਫੈੱਡਰੇਸ਼ਨ), ਸੁਖਜੀਤ ਲਾਲੀ, ਲੋਕ ਗਾਇਕ ਬਲਰਾਜ ਬਿਲਗਾ, ਬੂਟਾ ਰਾਮ ਘਈ, ਬਲਵੀਰ ਸਿੰਘ ਪ੍ਰਧਾਨ, ਸੋਹਣ ਸਿੰਘ ਸੰਧੂ ,ਜਸਕਰਨ ਸਿੰਘ ਸੰਧੂ, ਗੁਰਮੇਲ ਸਿੰਘ ਸੰਧੂ, ਅਨਵਰ ਅਲੀ, ਬਖਸ਼ਿੰਦਰ ਸਿੰਘ, ਭਜਨ ਸਿੰਘ ਬਾਰੀਆ, ਅਮਨਦੀਪ ਸਿੰਘ ਮਰਵਾਹਾ, ਅੰਸ਼ੁਲ ਰਿਸ਼ੀ, ਬੀਬੀ ਗੁਰਬਖਸ਼ ਕੌਰ, ਕੁਲਵੰਤ ਬੰਟੀ, ਜਤਿੰਦਰ ਸ਼ਰਮਾ, ਬਾਬਾ ਚਿੰਤਾ ਭਗਤ ਕਮੇਟੀ, ਮੋਹਣ ਸਿੰਘ ਸੰਧੂ, ਸੁਰਜੀਤ ਸਿੰਘ ਸੰਧੂ, ਪ੍ਰਦੀਪ ਕੌਸ਼ਲ, ਜਸਵੀਰ ਸਿੰਘ ਬੀਰੀ, ਜਗਤਾਰ ਸਿੰਘ ਤਾਰਾ, ਮਾ. ਗੌਤਮ, ਸੱਤਪਾਲ ਤਿਵਾੜੀ, ਸ਼ਾਮ ਕੁਮਾਰ ਮੈਣੀ, ਡਾ. ਰਾਜੇਸ਼ ਮੈਣੀ, ਵਿਸ਼ਵਾਮਿੱਤਰ ਤਿਵਾੜੀ, ਐੱਸ. ਐੱਚ. ਓ. ਗੋਰਾਇਆ, ਪਰਮਿੰਦਰ ਸਿੰਘ, ਚੌਕੀ ਇੰਚਾਰਜ ਬਖਸ਼ੀਸ਼ ਸਿੰਘ, ਸਤਵਿੰਦਰ ਰਿੰਕਾ, ਗੁਰਵਿੰਦਰ ਸਿੰਘ ਢੰਡਾ ਆਦਿ ਵੀ ਮੌਜੂਦ ਸਨ।