ਯਸ਼ਸਵੀ ਨੇ ਕ੍ਰਿਕਟ ''ਚ ਚੰਗੇ ਪ੍ਰਦਰਸ਼ਨ ਦਾ ਸਚਿਨ ਨੂੰ ਦਿੱਤਾ ਸਿਹਰਾ

12/24/2019 4:50:15 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਲਈ 19 ਦਸੰਬਰ ਨੂੰ ਕੋਲਕਾਤਾ 'ਚ ਖਿਡਾਰੀਆਂ 'ਤੇ ਸਾਰੀਆਂ ਟੀਮਾਂ ਨੇ ਦਾਅ ਖੇਡਿਆ। ਇਸ 'ਚ ਦੁਨੀਆ ਭਰ ਦੇ ਕਈ ਖਿਡਾਰੀਆਂ ਦਾ ਜਲਵਾ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ 'ਤੇ ਪੈਸਿਆਂ ਦਾ ਮੀਂਹ ਵਰ੍ਹਿਆ। ਪਰ, ਇਸ ਵਿਚਾਲੇ ਜਿਸ ਇਕ ਨਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ 19 ਸਾਲ ਦੇ ਯਸ਼ਸਵੀ ਜਾਇਸਵਾਲ। ਇਸ ਯੁਵਾ ਬੱਲੇਬਾਜ਼ ਨੇ ਹਾਲ ਦੇ ਦਿਨਾਂ 'ਚ ਧਮਾਕੇਦਾਰ ਬੱਲੇਬਾਜ਼ੀ ਕੀਤੀ ਸੀ। ਰਾਜਸਥਾਨ ਰਾਇਲਸ ਦੀ ਟੀਮ ਨੇ ਇਸ ਖਿਡਾਰੀ 'ਤੇ 2.4 ਕਰੋੜ ਰੁਪਏ ਦਾ ਦਾਅ ਖੇਡਿਆ ਸੀ। ਯਸ਼ਸਵੀ ਦਾ ਬੇਸ ਪ੍ਰਾਈਸ 20 ਲੱਖ ਰੁਪਏ ਸੀ।

ਕ੍ਰਿਕਟ ਦੀ ਦੁਨੀਆ 'ਚ ਕਈ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਭਾਰਤ ਦੇ ਸਾਬਕਾ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਦੇਖ ਕੇ ਕ੍ਰਿਕਟ 'ਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ ਹੈ। ਅਜਿਹੀ ਹੀ ਕਹਾਣੀ ਇਸ ਯੁਵਾ ਖਿਡਾਰੀ ਦੀ ਵੀ ਹੈ। ਆਈ. ਪੀ. ਐੱਲ. ਨੀਲਾਮੀ ਦੇ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਯਸ਼ਸਵੀ ਨੇ ਦੱਸਿਆ ਕਿ ਕਿਵੇਂ ਸਚਿਨ ਤੇਂਦੁਲਕਰ ਦੇ ਪੁਰਾਣੇ ਵੀਡੀਓ ਦੇਖ ਕੇ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ 'ਚ ਬਦਲਾਅ ਕੀਤਾ ਅਤੇ ਆਪਣੀ ਤਿਆਰੀ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਯਸ਼ਸਵੀ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਪਸੰਦ ਕਰਦਾ ਹਾਂ। ਮੈਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨਾਲ ਇਕ ਮੁਲਾਕਾਤ ਹੀ ਤੁਹਾਡੇ ਲਈ ਵੱਡੀ ਪ੍ਰੇਰਣਾ ਹੁੰਦੀ ਹੈ।

ਇਸ ਘਟਨਾ ਦਾ ਜ਼ਿਕਰ  ਕਰਦ ਹੋਏ ਉਨ੍ਹਾਂ ਕਿਹਾ ਕਿ ਮੈਂ ਸਚਿਨ ਨੂੰ ਪੁੱਛਿਆ ਸੀ ਕਿ ਸਰ ਵੱਡੇ ਮੈਚਾਂ ਲਈ ਕਿਸ ਤਰ੍ਹਾਂ ਨਾਲ ਤਿਆਰੀ ਕਰਨੀ ਚਾਹੀਦੀ ਹੈ। ਇਸ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਖਿਡਾਰੀ ਨੂੰ ਅੱਜ 'ਚ ਹੀ ਰਹਿਣਾ ਚਾਹੀਦਾ ਹੈ। ਪਿਛਲੇ ਮੈਚ 'ਚ ਜੋ ਵੀ ਹੋਇਆ ਉਸ ਨੂੰ ਭੁੱਲ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਯਸ਼ਸਵੀ ਜਾਇਸਵਾਲ ਦਾ ਬਚਪਨ ਬੇਹੱਦ ਗਰੀਬੀ 'ਚ ਗੁਜ਼ਰਿਆ ਹੈ ਅਤੇ ਉਨ੍ਹਾਂ ਨੇ ਸੜਕ ਕੰਢੇ ਗੋਲਗੱਪੇ ਵੇਚ ਕੇ ਦਿਨ ਕੱਟੇ ਹਨ। ਵਿਜੇ ਹਜ਼ਾਰੇ ਟਰਾਫੀ ਦੇ ਇਕ ਮੁਕਾਬਲੇ 'ਚ ਦੋਹਰਾ ਸੈਂਕੜਾ ਜੜ ਕੇ ਉਨ੍ਹਾਂ ਨੇ ਧਮਾਲ ਮਚਾਇਆ ਸੀ।

Tarsem Singh

This news is Content Editor Tarsem Singh