WTC Final : ਭਾਰਤ ਦੀਆਂ ਤਿਆਰੀਆਂ ਨੂੰ ਲੈ ਕੇ ਵੈਂਕਟੇਸ਼ ਪ੍ਰਸਾਦ ਨੇ ਕੀਤਾ ਵੱਡਾ ਖੁਲਾਸਾ

06/14/2021 3:56:29 PM

ਨਵੀਂ ਦਿੱਲੀ : ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਦਾ ਮੰਨਣਾ ਹੈ ਕਿ ਆਤਮ-ਵਿਸ਼ਵਾਸ ਨਾਲ ਭਰੀ  ਨਿਊਜ਼ੀਲੈਂਡ ਦੀ ਟੀਮ ਖ਼ਿਲਾਫ 18 ਜੂਨ ਤੋਂ ਸ਼ੁਰੂ ਹੋ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਲਈ ਭਾਰਤੀ ਟੀਮ ਕੋਲ ਬਦਲਾਂ ਦੀ ਕਮੀ ਨਹੀਂ ਹੈ, ਸਾਰੀਆਂ ਖਾਮੀਆਂ ਦੂਰ ਹੋ ਗਈਆਂ ਹਨ। ਪ੍ਰਸਾਦ ਨੂੰ ਲੱਗਦਾ ਹੈ ਕਿ ਉਸ ਦੇ ਖੇਡਣ ਦੇ ਦਿਨਾਂ ਦੇ ਉਲਟ ਮੌਜੂਦਾ ਭਾਰਤੀ ਟੀਮ ਕੋਲ ਤੀਜਾ ਜਾਂ ਚੌਥਾ ਤੇਜ਼ ਗੇਂਦਬਾਜ਼ ਹੈ, ਜੋ ਨਵੀਂ ਗੇਂਦ ਨਾਲ ਬਣੇ ਦਬਾਅ ਨੂੰ ਬਰਕਰਾਰ ਰੱਖ ਸਕਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਟੀਮ ਕੋਲ ਬੱਲੇਬਾਜ਼ੀ ਇਕਾਈ ਵੀ ਹੈ, ਜੋ ਹਰ ਸਥਿਤੀ ’ਚ ਤਕਰੀਬਨ 350 ਦੌੜਾਂ ਬਣਾਉਣ ਦੀ ਸਮਰੱਥਾ ਰੱਖਦੀ ਹੈ।

ਪ੍ਰਸਾਦ ਨੇ ਸੋਮਵਾਰ ਨੂੰ ਪੀ. ਟੀ. ਆਈ.-ਭਾਸ਼ਾ ਨੂੰ ਦੱਸਿਆ, ‘‘ਦੋ ਸਰਬੋਤਮ ਟੀਮਾਂ ਫਾਈਨਲ ਖੇਡ ਰਹੀਆਂ ਹਨ। ਭਾਰਤ ਕੋਲ ਬਹੁਤ ਸਾਰੇ ਬਦਲ ਹਨ ਕਿਉਂਕਿ ਉਹ ਖਿਡਾਰੀ, ਜਿਨ੍ਹਾਂ ਨੇ ਖੇਡ ਇਲੈਵਨ ’ਚ ਜਗ੍ਹਾ ਨਹੀਂ ਬਣਾਈ, ਉਹ ਵੀ ਬਹੁਤ ਮਜ਼ਬੂਤ ​​ਹਨ।’’ ਉਨ੍ਹਾਂ ਕਿਹਾ ਕਿ ਪਿੱਚ ਚਾਹੇ ਬੱਲੇਬਾਜ਼ੀ ਲਈ ਆਸਾਨ ਹੋਵੇ ਜਾਂ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਹੋਵੇ, ਭਾਰਤੀ ਟੀਮ ’ਚ ਹਾਵੀ ਹੋਣ ਦੀ ਕਾਬਲੀਅਤ ਹੈ। 90 ਦੇ ਦਹਾਕੇ ਅਤੇ 2000 ਦੇ ਸ਼ੁਰੂ ਵਿਚ ਟੀਮ ਕੋਲ ਦੋ ਚੰਗੇ ਤੇਜ਼ ਗੇਂਦਬਾਜ਼ ਹੁੰਦੇ ਸਨ ਪਰ ਤੀਜਾ ਜਾਂ ਚੌਥਾ ਬਦਲ ਇੰਨਾ ਮਜ਼ਬੂਤ ​​ਨਹੀਂ ਸੀ।

ਉਨ੍ਹਾਂ ਕਿਹਾ, ‘ਹੁਣ ਟੀਮ ਕੋਲ ਤਾਕਤ ਹੈ ਅਤੇ ਕੁਝ ਬਹੁਤ ਵਧੀਆ ਆਲਰਾਊਂਡਰ ਹਨ। ਸਾਡੇ ਕੋਲ ਹਮੇਸ਼ਾ ਵਿਸ਼ਵ ਪੱਧਰੀ ਸਪਿਨਰ ਰਹੇ ਹਨ ਪਰ ਹੁਣ ਸਾਡੇ ਕੋਲ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ ਵੀ ਹਨ। ਪ੍ਰਸਾਦ ਨੇ ਆਪਣੇ ਸੁਨਹਿਰੀ ਦਿਨਾਂ ’ਚ ਸਾਬਕਾ ਧਾਕੜ ਗੇਂਦਬਾਜ਼ ਜਵਾਗਲ ਸ਼੍ਰੀਨਾਥ ਨਾਲ ਨਵੀਂ ਗੇਂਦ ਨਾਲ ਗੇਂਦਬਾਜ਼ੀ ਲਈ ਜੋੜੀ ਬਣਾਈ ਸੀ। ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮੈਚ ’ਚ ਭਾਰਤ ਦਾ ਦਬਦਬਾ ਰਹੇਗਾ।

ਭਾਰਤੀ ਟੀਮ ਦੇ ਸਾਬਕਾ ਗੇਂਦਬਾਜ਼ੀ ਕੋਚ ਰਹੇ ਪ੍ਰਸਾਦ ਨੇ ਕਿਹਾ, “ਇਸ ਦੇ ਨਾਲ ਹੀ ਸਾਡੇ ਕੋਲ ਸਕੋਰ ਬੋਰਡ ਉੱਤੇ 350 ਦੌੜਾਂ ਬਣਾਉਣ ਵਾਲੀ ਬੱਲੇਬਾਜ਼ੀ ਵੀ ਹੈ। ਹੁਣ ਅਸੀਂ ਸਾਰੀਆਂ ਕਮੀਆਂ ਦੂਰ ਕਰ ਦਿੱਤੀਆਂ ਹਨ। ਇਹ ਮਾਇਨੇ ਨਹੀਂ ਰੱਖਦਾ ਕਿ ਇਹ ਕਿਸ ਕਿਸਮ ਦੀ ਪਿੱਚ ਹੋਵੇਗੀ। ਇਥੇ ਹਰ ਤਰ੍ਹਾਂ ਨਾਲ ਭਾਰਤ ਦਾ ਦਬਦਬਾ ਹੋਣਾ ਚਾਹੀਦਾ ਹੈ। ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੈਚ ’ਚ ਮੇਜ਼ਬਾਨ ਇੰਗਲੈਂਡ ਨੂੰ ਹਰਾ ਕੇ ਸ਼ਾਨਦਾਰ ਲੈਅ ’ਚ ਹੋਣ ਦਾ ਸਬੂਤ ਵੀ ਦਿੱਤਾ। ਟੀਮ ਨੇ ਇੰਗਲੈਂਡ ਦੀ ਧਰਤੀ ’ਤੇ 22 ਸਾਲਾਂ ਬਾਅਦ ਟੈਸਟ ਸੀਰੀਜ਼ ਜਿੱਤੀ।
ਭਾਰਤੀ ਟੀਮ ਦੀ ਆਖਰੀ ਇਲੈਵਨ ਬਾਰੇ ਪੁੱਛੇ ਜਾਣ ’ਤੇ ਪ੍ਰਸਾਦ ਨੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਲਈ ਇਹ ਮੁਸ਼ਕਿਲ ਫੈਸਲਾ ਨਹੀਂ ਹੋਵੇਗਾ। ਉਹ ਖ਼ੁਦ ਦੋ ਸਪਿਨਰਾਂ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੇ ਨਾਲ ਤਿੰਨ ਤੇਜ਼ ਗੇਂਦਬਾਜ਼ਾਂ ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ ਅਤੇ ਜਸਪ੍ਰੀਤ ਬੁਮਰਾਹ ਦੇ ਨਾਲ ਇਸ ਮੈਚ ’ਚ ਖੇਡਣਾ ਚਾਹੁਣਗੇ। ਅਸ਼ਵਿਨ ਅਤੇ ਜਡੇਜਾ ਦੇ ਨਾਲ ਤਿੰਨ ਤੇਜ਼ ਗੇਂਦਬਾਜ਼ਾਂ ਦਾ ਸੁਮੇਲ ਸਭ ਤੋਂ ਵਧੀਆ ਜਾਪਦਾ ਹੈ। ਬੁਮਰਾਹ, ਸ਼ੰਮੀ ਅਤੇ ਇਸ਼ਾਂਤ ਸ਼ਰਮਾ ਨੂੰ ਵੱਖੋ-ਵੱਖਰੀਆਂ ਸਥਿਤੀਆਂ ’ਚ ਖੇਡਣ ਦਾ ਤਜਰਬਾ ਹੈ, ਉਹ ਆਪਣੀਆਂ ਭੂਮਿਕਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਉਨ੍ਹਾਂ ਕਿਹਾ, ‘ਰਣਨੀਤੀ ਬਹੁਤ ਸੌਖੀ ਹੈ। ਨਵੀਂ ਗੇਂਦ ਦੀ ਬਿਹਤਰ ਢੰਗ ਨਾਲ ਕੌਣ ਵਰਤੋਂ ਕਰ ਸਕਦਾ ਹੈ? ਬੁਮਰਾਹ ਅਤੇ ਸ਼ੰਮੀ ਦੋਵਾਂ ਦਾ ਸਹੀ ਦਿਸ਼ਾ ’ਚ ਸੀਮ ਦੇ ਨਾਲ ਗੇਂਦਬਾਜ਼ੀ ਕਰਨ ਦੇ ਮਾਮਲੇ ’ਚ ਬਹੁਤ ਵਧੀਆ ਕੰਟਰੋਲ ਹੈ। ਉਨ੍ਹਾਂ ਕਿਹਾ, ‘ਮੈਂ ਹੈਰਾਨ ਹਾਂ ਕਿ ਇਸ਼ਾਂਤ ਨੂੰ 100 ਟੈਸਟ ਮੈਚ ਖੇਡਣ ਤੋਂ ਬਾਅਦ ਵੀ ਗੇਂਦਬਾਜ਼ੀ ’ਚ ਤੀਸਰੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਉਸ ਨੂੰ ਇੰਗਲੈਂਡ ’ਚ ਕਾਉਂਟੀ ਕ੍ਰਿਕਟ ਖੇਡਣ ਦਾ ਵੀ ਕਾਫ਼ੀ ਤਜਰਬਾ ਹੈ। ਸਾਬਕਾ ਖਿਡਾਰੀ, ਜਿਸ ਨੇ ਭਾਰਤ ਲਈ 33 ਟੈਸਟ ਅਤੇ 161 ਵਨਡੇ ਮੈਚ ਖੇਡੇ ਹਨ, ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਇੰਗਲੈਂਡ ’ਚ ਦੋ ਟੈਸਟ ਮੈਚਾਂ ਨਾਲ ਇਕ ਬਿਹਤਰ ਸਥਿਤੀ ’ਚ ਹੈ ਪਰ ਭਾਰਤੀ ਟੀਮ ਨੂੰ ਤਿਆਰੀ ਦਾ ਪੂਰਾ ਮੌਕਾ ਮਿਲਿਆ ਹੈ।

Manoj

This news is Content Editor Manoj