ਪਹਿਲਵਾਨਾਂ ਨੇ WFI ਦੇ ਪ੍ਰਧਾਨ ਵਿਰੁੱਧ ਜਾਂਚ ਲਈ ਜਾਂਚ ਕਮੇਟੀ ਬਣਾਉਣ ਦੀ ਕੀਤੀ ਮੰਗ

01/20/2023 5:02:52 PM

ਨਵੀਂ ਦਿੱਲੀ (ਭਾਸ਼ਾ)- ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਸ਼ੁੱਕਰਵਾਰ ਨੂੰ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੂੰ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਇਕ ਜਾਂਚ ਕਮੇਟੀ ਬਣਾਉਣ ਦੀ ਅਪੀਲ ਕੀਤੀ। ਇੱਕ ਦਿਨ ਪਹਿਲਾਂ ਪਹਿਲਵਾਨਾਂ ਨੇ ਇਸ ਖੇਡ ਪ੍ਰਬੰਧਕ ਖ਼ਿਲਾਫ਼ ਕਈ ਐੱਫ.ਆਈ.ਆਰ. ਦਰਜ ਕਰਾਉਣ ਦੀ ਧਮਕੀ ਦਿੱਤੀ ਸੀ। ਆਈ.ਓ.ਏ. ਪ੍ਰਧਾਨ ਪੀਟੀ ਊਸ਼ਾ ਨੂੰ ਲਿਖੇ ਪੱਤਰ ਵਿੱਚ, ਪਹਿਲਵਾਨਾਂ ਨੇ ਡਬਲਯੂ.ਐੱਫ.ਆਈ. ਵੱਲੋਂ (ਫੰਡ ਵਿੱਚ) ਵਿੱਤੀ ਬੇਨਿਯਮੀਆਂ ਦੇ ਦੋਸ਼ ਲਗਾਉਣ ਦੇ ਇਲਾਵਾ ਦਾਅਵਾ ਕੀਤਾ ਕਿ ਰਾਸ਼ਟਰੀ ਕੈਂਪ ਵਿੱਚ ਕੋਚ ਅਤੇ ਖੇਡ ਵਿਗਿਆਨ ਸਟਾਫ "ਬਿਲਕੁਲ ਅਯੋਗ" ਹੈ।

ਚਾਰ ਮੰਗਾਂ ਰੱਖਦਿਆਂ ਪਹਿਲਵਾਨਾਂ ਨੇ ਲਿਖਿਆ, ''ਅਸੀਂ ਭਾਰਤੀ ਓਲੰਪਿਕ ਸੰਘ ਨੂੰ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਤੁਰੰਤ ਕਮੇਟੀ ਨਿਯੁਕਤ ਕਰਨ ਦੀ ਅਪੀਲ ਕਰਦੇ ਹਾਂ।'' ਪਹਿਲਵਾਨਾਂ ਨੇ ਡਬਲਯੂ.ਐੱਫ.ਆਈ. ਨੂੰ ਭੰਗ ਕਰਨ ਅਤੇ ਪ੍ਰਧਾਨ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਦੁਹਰਾਈ। ਪਹਿਲਵਾਨਾਂ ਨੇ ਆਪਣੀ ਚੌਥੀ ਅਤੇ ਆਖ਼ਰੀ ਮੰਗ ਵਿੱਚ ਲਿਖਿਆ, ‘‘ਪਹਿਲਵਾਨਾਂ ਨਾਲ ਸਲਾਹ ਕਰਕੇ ਕੌਮੀ ਫੈਡਰੇਸ਼ਨ ਨੂੰ ਚਲਾਉਣ ਲਈ ਇੱਕ ਨਵੀਂ ਕਮੇਟੀ ਬਣਾਈ ਜਾਵੇ।’’ ਪੱਤਰ ’ਤੇ ਪੰਜ ਪਹਿਲਵਾਨਾਂ ਦੇ ਦਸਤਖ਼ਤ ਸਨ, ਜਿਨ੍ਹਾਂ ਵਿੱਚ ਟੋਕੀਓ ਓਲੰਪਿਕ ਤਮਗਾ ਜੇਤੂ ਰਵੀ ਦਹੀਆ ਅਤੇ ਬਜਰੰਗ ਪੁਨੀਆ ਵੀ ਸ਼ਾਮਲ ਹਨ। ਸ਼ਾਮਲ ਹਨ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਅਤੇ ਦੀਪਕ ਪੂਨੀਆ ਨੇ ਵੀ ਪੱਤਰ 'ਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਉੱਘੇ ਖਿਡਾਰੀਆਂ ਨੇ ਪੱਤਰ ਵਿੱਚ ਅੱਗੇ ਲਿਖਿਆ, “ਸਾਡੇ ਪਹਿਲਵਾਨਾਂ ਨੂੰ ਇੱਕਠੇ ਹੋ ਕੇ ਡਬਲਯੂ.ਐੱਫ.ਆਈ. ਦੇ ਪ੍ਰਧਾਨ ਵਿਰੁੱਧ ਵਿਰੋਧ ਕਰਨ ਲਈ ਬਹੁਤ ਹਿੰਮਤ ਦੀ ਲੋੜ ਹੈ। ਸਾਨੂੰ ਆਪਣੀ ਜਾਨ ਦਾ ਖ਼ਤਰਾ ਹੈ। ਜੇਕਰ ਉਨ੍ਹਾਂ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਧਰਨੇ 'ਚ ਸ਼ਾਮਲ ਹੋਣ ਵਾਲੇ ਸਾਰੇ ਨੌਜਵਾਨਾਂ ਦਾ ਕਰੀਅਰ ਖ਼ਤਮ ਹੋ ਜਾਵੇਗਾ।'' ਉਨ੍ਹਾਂ ਪੱਤਰ ਦੇ ਅੰਤ 'ਚ ਲਿਖਿਆ, ''ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਡਬਲਯੂ.ਐੱਫ.ਆਈ. ਦੇ ਪ੍ਰਧਾਨ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ।'

ਬੀਜਿੰਗ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਅਤੇ ਹੁਣ ਕਾਂਗਰਸ ਨੇਤਾ ਵਿਜੇਂਦਰ ਸਿੰਘ ਵੀ ਪਹਿਲਵਾਨਾਂ ਨਾਲ ਇਕਜੁੱਟਤਾ ਲਈ ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚੇ। ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਕਿਹਾ ਸੀ ਕਿ ਹੋਰ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੀਆਂ ਆਪਣੀਆਂ ਕਹਾਣੀਆਂ ਸਾਹਮਣੇ ਰੱਖੀਆਂ ਹਨ ਅਤੇ ਉਹ WFI ਪ੍ਰਧਾਨ ਦੇ ਖਿਲਾਫ ਕਈ ਐੱਫ.ਆਈ.ਆਰ. ਦਰਜ ਕਰਾਉਣਗੀਆਂ। ਉਨ੍ਹਾਂ ਨੇ ਵੀਰਵਾਰ ਨੂੰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਬਾਅਦ 'ਚ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਡਿਨਰ ਮੀਟਿੰਗ ਦੌਰਾਨ ਇਸ ਮੁੱਦੇ 'ਤੇ ਚਰਚਾ ਕੀਤੀ। ਹਾਲਾਂਕਿ, ਦੋਵੇਂ ਮੀਟਿੰਗਾਂ ਬੇਸਿੱਟਾ ਰਹੀਆਂ ਕਿਉਂਕਿ ਪਹਿਲਵਾਨ ਡਬਲਯੂ.ਐੱਫ.ਆਈ. ਨੂੰ ਤੁਰੰਤ ਭੰਗ ਕਰਨ 'ਤੇ ਅੜੇ ਰਹੇ, ਜਦਕਿ ਸਰਕਾਰ ਨੇ ਉਨ੍ਹਾਂ ਨੂੰ ਆਪਣਾ ਵਿਰੋਧ ਖ਼ਤਮ ਕਰਨ ਦੀ ਬੇਨਤੀ ਕੀਤੀ। ਦੂਜੇ ਦੌਰ 'ਤੇ ਚਰਚਾ ਕਰਨ ਲਈ ਪਹਿਲਵਾਨ ਸ਼ੁੱਕਰਵਾਰ ਨੂੰ ਠਾਕੁਰ ਨੂੰ ਮਿਲਣਗੇ। ਸਰਕਾਰ ਨੇ WFI ਪ੍ਰਧਾਨ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ 72 ਘੰਟੇ (ਸ਼ਨੀਵਾਰ ਸ਼ਾਮ ਤੱਕ) ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਬ੍ਰਿਜ ਭੂਸ਼ਣ ਨੇ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਣਗੇ, ਕਿਉਂਕਿ ਉਨ੍ਹਾਂ ਦਾ ਅਹੁਦਾ ਕਿਸੇ ਦੇ ਰਹਿਮ 'ਤੇ ਨਹੀਂ ਹੈ।

cherry

This news is Content Editor cherry