ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਕਬੱਡੀ ਦਾ ਮਹਾਂ ਕੁੰਭ ਸ਼ੁਰੂ

12/01/2019 3:13:41 PM

ਸੁਲਤਾਨਪੁਰ ਲੋਧੀ, ( ਸੁਰਿੰਦਰ ਸਿੰਘ ਸੋਢੀ ) — ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਵਰਲਡ ਕਬੱਡੀ ਕੱਪ ਦੀ ਆਰੰਭਤਾ ਪੂਰੀ ਸ਼ਾਨੋ ਸ਼ੋਕਤ ਨਾਲ ਕੀਤੀ ਗਈ । ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਨੇ ਕਬੱਡੀ ਕੱਪ ਦਾ ਉਦਘਾਟਨ ਗੁਬਾਰੇ ਉਡਾ ਕੇ ਕੀਤਾ। ਅੱਜ ਪਹਿਲੇ ਦਿਨ ਟੂਰਨਾਮੈਂਟ ਵਿਚ 8 ਮੁਲਕਾਂ ਟੀਮਾਂ ਸ਼ਿਰਕਤ ਕੀਤੀ।

ਜਿਨਾਂ ਵਿਚ ਪੂਲ ਏ ਵਿਚ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਸ੍ਰੀਲੰਕਾ, ਜਦਕਿ ਪੂਲ ਬੀ ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਦੀਆਂ ਟੀਮਾਂ ਸ਼ਾਮਿਲ ਹੋਈਆਂ ।ਇਸ ਸਮੇ ਸਟੇਡੀਅਮ ਦੇ ਅੰਦਰ ਤਿੰਨ ਸਟੇਜਾਂ ਬਣਾਈਆਂ ਗਈਆਂ, ਜਿਨਾਂ ਵਿਚੋਂ ਵਿਚਕਾਰਲੀ ਸਟੇਜ ਮੁੱਖ ਮਹਿਮਾਨ ਲਈ ਅਤੇ ਬਾਕੀ ਦੋ ਸਟੇਜਾਂ ਪਤਵੰਤੇ ਸੱਜਣਾ ਅਤੇ ਐਵਾਰਡੀਜ਼ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਲਈ ਸੀ।

ਅੱਜ ਤਿੰਨ ਮੈਚ ਖੇਡੇ ਜਾਣੇ ਹਨ ਜਦਕਿ ਪਹਿਲਾ ਮੈਚ ਸ੍ਰੀਲੰਕਾ ਅਤੇ ਇੰਗਲੈਂਡ ਦਰਮਿਆਨ ਆਰੰਭ ਕਰਵਾਇਆ ਗਿਆ । ਦੂਸਰਾ ਕੈਨੇਡਾ ਤੇ ਕੀਨੀਆ ਅਤੇ ਤੀਸਰਾ ਅਮਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਇਸ ਤੋਂ ਪਹਿਲਾਂ ਸਵੇਰੇ ਪ੍ਰਸਿੱਧ ਪੰਜਾਬੀ ਗਾਇਕ ਕੰਠ ਕਲੇਰ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਇਸ ਸਮੇ ਮੁੱਖ ਮਹਿਮਾਨ ਦੇ ਨਾਲ ਨਵਤੇਜ ਸਿੰਘ ਚੀਮਾ ਵਿਧਾਇਕ ਸੁਲਤਾਨਪੁਰ ਤੇ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਦਵਿੰਦਰਪਾਲ ਸਿੰਘ ਖਰਬੰਦਾ ਤੇ ਹੋਰ ਹਸਤੀਆਂ ਸ਼ਾਮਿਲ ਸਨ।