ਵੀਰਦੇਵ ਨੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ''ਚ ਜਿੱਤਿਆ ਕਾਂਸੀ ਤਮਗਾ

08/02/2017 12:49:55 AM

ਨਵੀਂ ਦਿੱਲੀ— ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਵੀਰਦੇਵ ਗੂਲਿਆ (74ਕਿ.ਗ੍ਰਾ) ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ 'ਚ ਮੰਗਲਵਾਰ ਤੋਂ ਸ਼ੁਰੂ ਹੋਈ ਵਿਸ਼ਵ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ 'ਚ ਕਾਂਸੀ ਤਮਗਾ ਜਿੱਤਿਆ। 74 ਕਿ. ਗ੍ਰਾ ਵਰਗ 'ਚ ਵੀਰਦੇਵ ਦਾ ਮੁਕਾਬਲਾ ਜਾਪਾਨ ਦੇ ਯਾਜੂਰੋ ਯਾਮਾਸਾਕੀ ਨਾਲ ਸੀ, ਜਿਸ ਨੂੰ ਉਸ ਨੇ 8-5 ਨਾਲ ਹਰਾ ਕੇ ਭਾਰਤ ਦਾ ਪ੍ਰਤੀਯੋਗਿਤਾ 'ਚ ਖਾਤਾ ਖੋਲ੍ਹ ਦਿੱਤਾ। ਵੀਰਦੇਵ ਨੇ ਸ਼ੁਰੂਆਤੀ ਰਾਊਂਡ 'ਚ ਜਰਮਨੀ ਦੇ ਜੋਹਾਨ ਕ੍ਰਿਸਟੋਫ ਨੂੰ ਹਰਾ ਦਿੱਤਾ ਪਰ ਕੁਆਰਟਫਾਈਨਲ 'ਚ ਉਹ ਉਜਬੇਕਿਸਤਾਨ ਦੇ ਇਸਾ ਸ਼ਪੀਵ ਤੋਂ ਹਾਰ ਗਿਆ। ਵੀਰਦੇਵ ਨੇ ਰੇਪਚੇਵ 'ਚ ਕੈਨੇਡਾ ਦੇ ਸਟੁਅਰਟ ਬ੍ਰਿਜਵਾਟਰ ਨੂੰ 5-0 ਨਾਲ ਹਰਾ ਕੇ ਕਾਂਸੀ ਤਮਗਾ ਮੁਕਾਬਲੇ 'ਚ ਪ੍ਰਵੇਸ਼ ਕੀਤਾ ਅਤੇ ਫਿਰ ਜਾਪਾਨੀ ਪਹਿਲਵਾਨ ਨੂੰ ਹਰਾ ਦਿੱਤਾ।
ਭਾਰਤ ਦੇ ਇਕ ਹੋਰ ਪਹਿਲਵਾਨ ਰਵਿੰਦਰ ਦਾ 60 ਕਿ. ਗ੍ਰਾ ਫ੍ਰੀ ਸਟਾਈਲ ਵਰਗ 'ਚ ਕਾਂਸੀ ਤਮਗੇ ਲਈ ਜਾਪਾਨ ਦੇ ਹਿਰੋਮੂ ਸਕਾਕੀ ਨਾਲ ਮੁਕਾਬਲਾ ਸੀ ਪਰ ਉਸ ਨੂੰ 6-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦਾ ਕਾਂਸੀ ਦਾ ਸੁਪਨਾ ਟੁੱਟ ਗਿਆ। ਰਵਿੰਦਰ ਨੇ 60 ਕਿ.ਗ੍ਰਾ ਫ੍ਰੀ ਸਟਾਈਲ ਵਰਗ ਦੇ ਪਹਿਲੇ ਰਾਊਂਡ 'ਚ ਅਜਰਬੈਜਾਨ ਦੇ ਅਲੀ ਰਹੀਮਜਾਦੇ ਨੂੰ ਅਤੇ ਫਿਰ ਕੁਆਰਟਫਾਈਨਲ 'ਚ ਮੰਗੋਲੀਆ ਦੇ ਸੋਗਬਾਦ੍ਰਰਾਖ ਸੇਵੀਨਸੁਰੇਨ ਨੂੰ ਹਰਾ ਦਿੱਤਾ। ਰਵਿੰਦਰ ਨੂੰ ਸੈਮੀਫਾਈਨਲ 'ਚ ਅਮਰੀਕਾ ਦੇ ਮਿਸ਼ੇਲ ਸਟੀਵਨ ਨਾਲ ਨਜ਼ਦੀਕੀ ਮੁਕਾਬਲੇ 'ਚ 14-16 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਟੀਵਨ ਨੇ ਇਸ ਵਰਗ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਅਤੇ ਰਵਿੰਦਰ ਕਾਂਸੀ ਤਮਗੇ ਲਈ ਜਾਪਾਨੀ ਪਹਿਲਵਾਨ ਨਾਲ ਭਿੜੇਗਾ।