ਵਿਸ਼ਵ ਕੱਪ ਟੀਮ ਚੋਣ ''ਚ ਚੌਥੇ ਨੰਬਰ ਲਈ ਹੋਵੇਗੀ ਸਿਰਦਰਦੀ

04/14/2019 5:05:33 PM

ਨਵੀਂ ਦਿੱਲੀ— ਅਗਲੇ ਮਹੀਨੇ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਚੋਣਕਰਤਾ ਜਦੋਂ ਟੀਮ ਚੁਣਨ ਲਈ ਬੈਠਣਗੇ ਤਾਂ ਦੂਜਾ ਵਿਕਟਕੀਪਰ, ਚੌਥੇ ਨੰਬਰ ਦਾ ਸਲਾਟ ਅਤੇ ਵਾਧੂ ਗੇਂਦਬਾਜ਼ਾਂ ਦੀ ਜ਼ਰੂਰਤ ਅਹਿਮ ਮਸਲੇ ਹੋਣਗੇ। ਆਸਟਰੇਲੀਆ ਖਿਲਾਫ ਘਰੇਲੂ ਸੀਰੀਜ਼ 'ਚ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦਿੱਤਾ ਸੀ ਕਿ ਸਿਰਫ ਇਕ ਸਥਾਨ ਬਚਿਆ ਹੈ ਜਦਕਿ ਕੋਰ ਟੀਮ ਇਕ ਸਾਲ ਪਹਿਲਾਂ ਹੀ ਤੈਅ ਹੋ ਗਈ ਸੀ। 

ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ 'ਚ ਭਾਰਤੀ ਟੀਮ ਦੇ ਮੈਂਬਰ ਲਗਭਗ ਤੈਅ ਹਨ ਪਰ ਟੀਮ ਦੇ ਤਾਲਮੇਲ 'ਤੇ ਵਿਚਾਰ ਹੋਵੇਗਾ। ਦੂਜੇ ਵਿਕਟਕੀਪਰ ਲਈ ਯੁਵਾ ਰਿਸ਼ਭ ਪੰਤ ਦਾ ਮੁਕਾਬਲਾ ਤਜਰਬੇਕਾਰ ਦਿਨੇਸ਼ ਕਾਰਤਿਕ ਨਾਲ ਹੈ। ਪੰਤ ਅਜੇ ਤਕ ਆਈ.ਪੀ.ਐੱਲ. 'ਚ 222 ਦੌੜਾਂ ਬਣਾ ਚੁੱਕੇ ਹਨ ਜਦਕਿ ਕਾਰਤਿਕ ਨੇ 93 ਦੌੜਾਂ ਬਣਾਈਆਂ ਹਨ। ਪੰਤ ਦਾ ਪਲੜਾ ਭਾਰੀ ਲੱਗ ਰਿਹਾ ਹੈ ਕਿਉਂਕਿ ਉਹ ਪਹਿਲੇ ਤੋਂ ਸਤਵੇਂ ਨੰਬਰ ਤਕ ਕਿਤੋਂ ਵੀ ਬੱਲੇਬਾਜ਼ੀ ਕਰ ਸਕਦੇ ਹਨ। ਵਿਕਟਕੀਪਿੰਗ 'ਚ ਸੁਧਾਰ ਦੀ ਗੁੰਜਾਇਸ਼ ਹੈ ਪਰ ਕਾਰਤਿਕ ਦਾ ਪਿਛਲੇ ਸਾਲ ਦਾ ਪ੍ਰਦਰਸ਼ਨ ਅਜਿਹਾ ਨਹੀਂ ਹੈ ਉਹ ਮਜ਼ਬੂਤ ਦਾਅਵਾ ਪੇਸ਼ ਕਰ ਸਕੇ। 

ਤੀਜੇ ਸਲਾਮੀ ਬੱਲੇਬਾਜ਼ ਲਈ ਕੇ.ਐੱਲ. ਰਾਹੁਲ ਦਾ ਦਾਅਵਾ ਪੁਖਤਾ ਹੈ ਜਿਨ੍ਹਾਂ ਨੇ ਆਈ.ਪੀ.ਐੱਲ. 'ਚ ਅਜੇ ਤਕ 335 ਦੌੜਾਂ ਬਣਾਈਆਂ ਹਨ। ਉਹ ਤੀਜੇ ਸਲਾਮੀ ਬੱਲੇਬਾਜ਼ ਦੇ ਇਲਾਵਾ ਦੂਜੇ ਵਿਕਟਕੀਪਰ ਦੀ ਭੂਮਿਕਾ ਵੀ ਨਿਭਾ ਸਕਦੇ ਹਨ। ਰਾਹੁਲ ਨੂੰ ਲੈਣ 'ਤੇ ਚੌਥੇ ਨੰਬਰ ਦੇ ਬੱਲੇਬਾਜ਼ ਦੇ ਤੌਰ 'ਤੇ ਅੰਬਾਤੀ ਰਾਇਡੂ ਲਈ ਜਗ੍ਹਾ ਬਣ ਸਕਦੀ ਹੈ। ਨਵੰਬਰ ਤਕ ਰਾਇਡੂ ਚੌਥੇ ਨੰਬਰ ਲਈ ਕੋਹਲੀ ਅਤੇ ਰਵੀ ਸ਼ਾਸਤਰੀ ਦੀ ਪਹਿਲੀ ਪਸੰਦ ਸੀ ਪਰ ਘਰੇਲੂ ਕ੍ਰਿਕਟ ਨਹੀਂ ਖੇਡਣ ਦਾ ਫੈਸਲਾ ਅਤੇ ਤੇਜ਼ ਗੇਂਦਬਾਜ਼ੀ ਦੇ ਖਿਲਾਫ ਕਮਜ਼ੋਰ ਤਕਨੀਕ ਉਨ੍ਹਾਂ ਦੇ ਖਿਲਾਫ ਗਈ। ਟੀਮ ਮੈਨੇਜਮੈਂਟ ਜੇਕਰ ਵਿਜੇ ਸ਼ੰਕਰ ਨੂੰ ਚੁਣਦੀ ਹੈ ਤਾਂ ਰਾਇਡੂ ਲਈ ਦਰਵਾਜ਼ੇ ਬੰਦ ਹੋ ਜਾਣਗੇ। ਇੰਗਲੈਂਡ ਦੀਆਂ ਤੇਜ਼ ਪਿੱਚਾਂ 'ਤੇ ਚੌਥਾ ਵਾਧੂ ਤੇਜ਼ ਗੇਂਦਬਾਜ਼ ਚੁਣਨਾ ਵੀ ਸੌਖਾ ਨਹੀਂ ਹੋਵੇਗਾ। ਉਮੇਸ਼ ਯਾਦਵ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਜਦਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ 'ਚ ਪ੍ਰਪੱਕਤਾ ਦੀ ਕਮੀ ਹੈ।

ਸੰਭਾਵੀ ਟੀਮ :
ਖਿਡਾਰੀ ਜਿਨ੍ਹਾਂ ਦੀ ਚੋਣ ਲਗਭਗ ਤੈਅ ਹੈ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ.ਐੱਲ. ਰਾਹੁਲ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਾਰਦਿਕ ਪੰਡਯਾ, ਵਿਜੇ ਸ਼ੰਕਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਰਵਿੰਦਰ ਜਡੇਜਾ, 15ਵਾਂ ਮੈਂਬਰ : ਬਦਲ (ਆਪਸ਼ਨ)।
ਦੂਜਾ ਵਿਕਟਕੀਪਰ : ਰਿਸ਼ਭ ਪੰਤ/ਦਿਨੇਸ਼ ਕਾਰਤਿਕ 
ਚੌਥਾ ਨੰਬਰ : ਅੰਬਾਤੀ ਰਾਇਡੂ
ਚੌਥਾ ਤੇਜ਼ ਗੇਂਦਬਾਜ਼ : ਉਮੇਸ਼ ਯਾਦਵ/ਖਲੀਲ ਅਹਿਮਦ/ਇਸ਼ਾਂਤ ਸ਼ਰਮਾ/ਨਵਦੀਪ ਸੈਨੀ।

Tarsem Singh

This news is Content Editor Tarsem Singh