ਹਾਕੀ ਵਿਸ਼ਵ ਕੱਪ : ਆਸਟਰੇਲੀਆ ਨੇ ਚੀਨ ਨੂੰ 11-0 ਨਾਲ ਹਰਾਇਆ

12/07/2018 9:50:05 PM

ਭੁਵਨੇਸ਼ਵਰ- ਪਿਛਲੇ 2 ਵਾਰ ਦੇ ਚੈਂਪੀਅਨ ਤੇ ਵਿਸ਼ਵ ਦੀ ਨੰਬਰ 1 ਟੀਮ ਆਸਟਰੇਲੀਆ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਚੀਨ ਨੂੰ ਪੂਲ-ਬੀ ਦੇ ਮੁਕਾਬਲੇ 'ਚ 11-0 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ । ਆਸਟਰੇਲੀਆ ਦੀ ਜ਼ਬਰਦਸਤ ਜਿੱਤ 'ਚ ਬਲੇਕ ਗੋਵਰਸ ਨੇ ਸ਼ਾਨਦਾਰ ਹੈਟ੍ਰਿਕ ਲਾਈ। ਆਸਟਰੇਲੀਆ ਦੀ ਪੂਲ-ਬੀ 'ਚ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਸ ਨੇ 9 ਅੰਕਾਂ ਨਾਲ ਟਾਪ 'ਤੇ ਰਹਿੰਦੇ ਹੋਏ ਸਿੱਧਾ ਕੁਆਰਟਰ ਫਾਈਨਲ 'ਚ ਸਥਾਨ ਬਣਾ ਲਿਆ ਹੈ।  
ਚੀਨ ਦੀ 3 ਮੈਚਾਂ 'ਚ ਪਹਿਲੀ ਹਾਰ ਹੈ ਅਤੇ ਉਸ ਦੇ 2 ਡਰਾਅ ਨਾਲ 2 ਅੰਕ ਹਨ। ਖਿਤਾਬੀ ਹੈਟ੍ਰਿਕ ਲਈ ਟੂਰਨਾਮੈਂਟ 'ਚ ਉਤਰੇ ਆਸਟਰੇਲੀਆ ਨੇ ਹਾਕੀ ਵਿਸ਼ਵ ਕੱਪ 'ਚ ਹੁਣ ਤਕ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ 'ਚ ਇਹ ਪਹਿਲੀ ਵਾਰ ਹੈ ਕਿ ਕਿਸੇ ਟੀਮ ਨੇ ਇਕ ਮੈਚ 'ਚ 10 ਤੋਂ ਜ਼ਿਆਦਾ ਗੋਲ ਦਾਗੇ ਹਨ। 
ਚੀਨ ਨੇ ਪਹਿਲੇ 10 ਮਿੰਟ ਤਕ ਆਸਟਰੇਲੀਆ ਨੂੰ ਰੋਕਿਆ ਪਰ ਜਿਵੇਂ ਹੀ ਇਹ ਲੈਅ ਟੁੱਟੀ, ਆਸਟਰੇਲੀਆਈ ਹਨੇਰੀ ਨੇ ਚੀਨ ਨੂੰ ਉੱਡਾ ਦਿੱਤਾ। ਆਸਟਰੇਲੀਆ ਨੂੰ ਮੈਚ 'ਚ 6 ਪੈਨਲਟੀ ਕਾਰਨਰ ਮਿਲੇ, ਜਦਕਿ ਚੀਨ ਦੇ ਹਿੱਸੇ ਇਕ ਵੀ ਪੈਨਲਟੀ ਕਾਰਨਰ ਨਹੀਂ ਆਇਆ। ਉਥੇ ਹੀ ਖੇਡੇ ਗਏ ਦਿਨ ਦੇ ਇਕ ਹੋਰ ਮੈਚ 'ਚ ਇਸ ਗਰੁੱਪ 'ਚ ਇੰਗਲੈਂਡ ਨੇ ਆਇਰਲੈਂਡ ਨੂੰ 4-2 ਨਾਲ ਹਰਾਇਆ। ਮੈਚ ਦੌਰਾਨ ਖੇਡਦੇ ਆਸਟਰੇਲੀਆ ਤੇ ਚੀਨ ਦੇ ਖਿਡਾਰੀ।