ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ; ਰਾਊਂਡ 3 : ਹਾਰ ਤੋਂ ਬਾਅਦ ਡਿੰਗ ਨੇ ਨੈਪੋਮਨਿਆਚੀ ਨਾਲ ਖੇਡਿਆ ਡਰਾਅ

04/13/2023 5:48:52 PM

ਅਸਤਾਨਾ (ਕਜ਼ਾਕਿਸਤਾਨ), (ਨਿਕਲੇਸ਼ ਜੈਨ)–ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ-2023 ਦੇ ਤੀਜੇ ਰਾਊਂਡ ਤੋਂ ਪਹਿਲਾਂ ਕਿਉਂਕਿ ਚੀਨ ਦਾ ਡਿੰਗ ਲੀਰੇਨ ਪਿਛਲਾ ਮੁਕਾਬਲਾ ਹੈਰਾਨੀਜਨਕ ਤਰੀਕੇ ਨਾਲ ਬਹੁਤ ਜਲਦ ਹਾਰ ਗਿਆ ਸੀ ਤਾਂ ਅਜਿਹੇ ਵਿਚ ਰੂਸ ਦਾ ਨੈਪੋਮਨਿਆਚੀ ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਇਕ ਅੰਕ ਦੀ ਬੜ੍ਹਤ ਨਾਲ ਖੇਡ ਰਿਹਾ ਸੀ।

ਮੁਕਾਬਲੇ ਵਿਚ ਨੈਪੋਮਨਿਆਚੀ ਨੇ ਸਫੈਦ ਮੋਹਰਿਆਂ ਨਾਲ ਖੇਡ ਦੀ ਸ਼ੁਰੂਆਤ ਆਪਣੇ ਵਜੀਰ ਦੇ ਪਿਆਦੇ ਨੂੰ ਦੋ ਘਰ ਚੜ੍ਹਾ ਕੇ ਕੀਤੀ ਤੇ ਜਵਾਬ ਵਿਚ ਡਿੰਗ ਨੇ ਕਿਊ. ਜੀ. ਡੀ. ਓਪਨਿੰਗ ਖੇਡੀ। ਖੇਡ ਨੂੰ ਚੌਥੀ ਚਾਲ ਵਿਚ ਨੈਪੋਮਨਿਆਚੀ ਨੇ ਕੇਂਦਰ ਦੇ ਪਿਆਦਿਆਂ ਦੀ ਅਦਲਾ-ਬਦਲੀ ਕਰਦੇ ਹੋਏ ਐਕਸਚੇਂਜ ਵੈਰੀਏਸ਼ਨ ’ਤੇ ਮੋੜ ਦਿੱਤਾ।

ਖੇਡ ਦੀ 21ਵੀਂ ਚਾਲ ਤਕ ਬੋਰਡ ’ਤੇ ਊਠ ਬਾਹਰ ਹੋ ਚੁੱਕੇ ਸਨ ਤੇ ਡਿੰਗ ਦੇ ਵਜੀਰ ਦੇ ਹਿੱਸੇ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਨੂੰ ਨੈਪੋਮਨਿਆਚੀ ਨੇ ਕੇਂਦਰ ’ਤੇ ਦਬਾਅ ਬਣਾ ਕੇ ਸੰਤੁਲਿਤ ਕੀਤਾ ਹੋਇਆ ਸੀ ਤੇ 30 ਚਾਲਾਂ ਤੋਂ ਬਾਅਦ ਦੋਵੇਂ ਖਿਡਾਰੀ ਡਰਾਅ ’ਤੇ ਸਹਿਮਤ ਹੋ ਗਏ। ਫਿਲਹਾਲ 14 ਰਾਊਂਡਾਂ ਦੀ ਇਸ ਵਿਸ਼ਵ ਚੈਂਪੀਅਨਸ਼ਿਪ ’ਚ ਨੈਪੋਮਨਿਆਚੀ 2-1 ਨਾਲ ਅੱਗੇ ਚੱਲ ਰਿਹਾ ਹੈ।

Tarsem Singh

This news is Content Editor Tarsem Singh