ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ; ਰਾਊਂਡ 12ਵਾਂ : ਡਿੰਗ ਦੀ ਸ਼ਾਨਦਾਰ ਵਾਪਸੀ, 6-6 ਹੋਇਆ ਸਕੋਰ

04/27/2023 2:25:27 PM

ਅਸਤਾਨਾ (ਕਜ਼ਾਕਿਸਤਾਨ), (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ-2023 ਦੇ 12ਵੇਂ ਰਾਊਂਡ ਤੋਂ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਯਾਨ ਨੈਪੋਮਨਿਆਚੀ ਵਿਸ਼ਵ ਖਿਤਾਬ ਆਸਾਨੀ ਨਾਲ ਜਿੱਤ ਜਾਵੇਗਾ ਪਰ ਲਗਾਤਾਰ ਤਿੰਨ ਡਰਾਅ ਤੋਂ ਬਾਅਦ ਉਸਦੇ ਵਿਰੋਧੀ ਚੀਨ ਦੇ ਡਿੰਗ ਲੀਰੇਨ ਨੇ ਆਖਿਰਕਾਰ ਜਿੱਤ ਦਰਜ ਕਰਦੇ ਹੋਏ ਨਾ ਸਿਰਫ ਸ਼ਾਨਦਾਰ ਵਾਪਸੀ ਕੀਤੀ ਸਗੋਂ ਹੁਣ ਵਿਸ਼ਵ ਚੈਂਪੀਅਨ ਕੌਣ ਬਣੇਗਾ, ਇਹ ਕਹਿਣਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ ਕਿਉਂਕਿ ਸਿਰਫ ਦੋ ਰਾਊਂਡ ਬਾਕੀ ਰਹਿੰਦੇ ਹਨ ਤੇ ਅਜਿਹੇ ਵਿਚ ਸਕੋਰ 6-6 ਨਾਲ ਬਰਾਬਰ ਹੋ ਚੁੱਕਾ ਹੈ।

ਸਫੈਦ ਮੋਹਰਿਆਂ ਨਾਲ ਖੇਡ ਰਹੇ ਡਿੰਗ ਨੇ ਅੱਜ ਕੋਲੋ ਸਿਸਟਮ ਓਪਨਿੰਗ ਖੇਡ ਕੇ ਨੈਪੋਮਨਿਆਚੀ ਨੂੰ ਉਸਦੀਆਂ ਤਿਆਰੀਆਂ ਤੋਂ ਦੂਰ ਰੱਖਣ ਦੀ ਰਣਨੀਤੀ ਅਪਣਾਈ। ਇਹ ਰਣਨੀਤੀ ਉਸਦੇ ਲਈ ਸਹੀ ਵੀ ਸਾਬਤ ਹੋਈ। ਹਾਲਾਂਕਿ ਇਸ ਦੇ ਬਾਵਜੂਦ ਖੇਡ ਦੀ ਸਥਿਤੀ ਸੰਤੁਲਿਤ ਸੀ ਪਰ 11ਵੀਂ ਚਾਲ ਵਿਚ ਡਿੰਗ ਨੇ ਆਪਣੇ ਊਠ ਨਾਲ ਨੈਪੋਮਨਿਆਚੀ ਦੇ ਘੋੜੇ ਨੂੰ ਮਾਰਦੇ ਹੋਏ ਦੋਵੇਂ ਰਾਜਿਆਂ ਦੀ ਸਥਿਤੀ ਨੂੰ ਕਮਜ਼ੋਰ ਕਰਨ ਦਾ ਫੈਸਲਾ ਕੀਤਾ ਪਰ ਇਸਦਾ ਜ਼ਿਆਦਾ ਫਾਇਦਾ ਨੈਪੋਮਨਿਆਚੀ ਨੂੰ ਮਿਲਿਆ ਤੇ ਉਸ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ। 

ਅਜਿਹੇ ਵਿਚ ਡਿੰਗ ਨੇ ਆਪਣੇ ਵਜੀਰ ਨੂੰ ਸਰਗਰਮ ਕਰਨ ਦਾ ਫੈਸਲਾ ਕੀਤਾ। ਖੇਡ ਦੀ 27ਵੀਂ ਚਾਲ ਤੋਂ ਲੈ ਕੇ 29ਵੀਂ ਚਾਲ ਤਕ ਨੈਪੋਮਨਿਆਚੀ ਕੋਲ ਡਿੰਗ ਦੇ ਰਾਜਾ ’ਤੇ ਹਮਲਾ ਕਰਨ ਦੇ ਤਿੰਨ ਮੌਕੇ ਸਨ ਪਰ ਉਸ ਨੇ ਇਹ ਸਾਰੇ ਗੁਆ ਦਿੱਤੇ ਤੇ ਇਸ ਤੋਂ ਬਾਅਦ ਡਿੰਗ ਨੇ ਉਸਦੇ ਰਾਜਾ ’ਤੇ ਹਮਲਾ ਕਰਦੇ ਹੋਏ 38 ਚਾਲਾਂ ਵਿਚ ਬਾਜ਼ੀ ਆਪਣੇ ਨਾਂ ਕਰ ਲਈ।

Tarsem Singh

This news is Content Editor Tarsem Singh