ਰੀਓ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ 'ਚ ਸਾਕਸ਼ੀ ਦੀ ਹੋਵੇਗੀ ਅਸਲੀ ਪ੍ਰੀਖਿਆ

07/08/2017 4:39:38 PM

ਨਵੀਂ ਦਿੱਲੀ— ਰੀਓ ਓਲੰਪਿਕ 'ਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਬਣਾਉਣ ਵਾਲੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦਾ 21 ਤੋਂ 27 ਅਗਸਤ ਤੱਕ ਫਰਾਂਸ ਦੇ ਪੈਰਿਸ 'ਚ ਹੋਣ ਵਾਲੀ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ 'ਚ ਓਲੰਪਿਕ ਤੋਂ ਬਾਅਦ ਪਹਿਲਾ ਅਸਲੀ ਪ੍ਰੀਖਿਆ ਹੋਵੇਗੀ। 
ਸਾਕਸ਼ੀ ਰੀਓ ਓਲੰਪਿਕ 'ਚ ਤਮਗਾ ਜਿੱਤਣ ਵਾਲੀ ਚੌਥੀ ਭਾਰਤੀ ਪਹਿਲਵਾਨ ਅਤੇ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ। ਸਾਕਸ਼ੀ ਨੇ ਪਿਛਲੇ ਸਾਲ ਰੀਓ 'ਚ ਅਗਸਤ 'ਚ ਹੋਏ ਓਲੰਪਿਕ 'ਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ ਅਤੇ ਉਸ ਦੇ ਠੀਕ ਇਕ ਸਾਲ ਬਾਅਦ ਹੁਣ ਉਹ ਵਿਸ਼ਵ ਚੈਂਪੀਅਨਸ਼ਿਪ 'ਚ ਉਤਰੇਗੀ ਪਰ ਇਸ ਵਾਰ ਉਸ ਦਾ ਨਵਾ ਭਾਰ ਵਰਗ ਹੋਵੇਗਾ।
ਸਾਕਸ਼ੀ ਨੇ ਓਲੰਪਿਕ ਤਮਗਾ ਜਿੱਤਣ ਤੋਂ ਬਾਅਦ ਸਿੱਧਾ ਪ੍ਰੋ ਰੈਸਲਿੰਗ ਲੀਗ 'ਚ ਹਿੱਸਾ ਲਿਆ ਪਰ ਇਸ ਲੀਗ 'ਚ ਉਸ ਨੇ ਸਿਰਫ ਭਾਰਤੀ ਪਹਿਲਵਾਨਾਂ ਨਾਲ ਹੀ ਮੁਕਾਬਲਾ ਖੇਡਿਆ। ਦਿੱਲੀ ਸੁਲਤਾਨ ਟੀਮ ਵਲੋਂ ਖੇਡਣ ਵਾਲੀ ਸਾਕਸ਼ੀ ਨੂੰ ਲੀਗ ਦੇ ਇਕ ਮੈਚ 'ਚ ਓਲੰਪਿਕ ਕਾਂਸੀ ਜੇਤੂ ਟਿਊਨੀਸ਼ਿਆ ਦੀ ਮਾਰਵਾ ਅਮਰੀ ਨਾਲ ਖੇਡਣਾ ਸੀ ਪਰ ਉਹ ਬੀਮਾਰ ਹੋਣ ਕਾਰਨ ਇਸ ਮੈਚ 'ਚ ਨਹੀਂ ਉਤਰ ਸਕੀ। ਹਰਿਆਣਾ ਦੀ ਸਾਕਸ਼ੀ ਇਸ ਤੋਂ ਬਾਅਦ ਇਸ ਸਾਲ ਮਈ 'ਚ ਦਿੱਲੀ 'ਚ ਹੋਈ ਏਸ਼ੀਆਈ ਚੈਂਪੀਅਨਸ਼ਿਪ 'ਚ ਨਵੇਂ ਭਾਰ ਵਰਗ 60 ਕਿ.ਗ੍ਰਾ 'ਚ ਉਤਰੀ। ਸਾਕਸ਼ੀ ਨੇ ਰਿਓ ਦਾ ਤਮਗਾ 58 ਕਿ.ਗ੍ਰਾ 'ਚ ਜਿੱਤਿਆ ਸੀ।
ਦੇਸ਼ ਨੂੰ ਸਾਕਸ਼ੀ ਤੋਂ ਪੂਰੀ ਉਮੀਦ ਸੀ ਕਿ ਉਹ 60 ਕਿ.ਗ੍ਰਾ 'ਚ ਸੋਨ ਤਮਗਾ ਹਾਸਲ ਕਰੇਗੀ ਪਰ ਰੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੀ ਜਾਪਾਨ ਦੀ ਰਿਸਾਕੋ ਕਵਾਈ ਨੇ ਸਿਰਫ 2 ਮਿੰਟ 44 ਸੈਕੰਡ 'ਚ ਹੀ ਭਾਰਤੀ ਪਹਿਲਵਾਨ ਨੂੰ ਹਰਾ ਦਿੱਤਾ। ਰਿਸਾਕੋ ਨੇ 10-0 ਦੇ ਅੰਤਰ ਨਾਲ ਮੁਕਾਬਲਾ ਖਤਮ ਕਰ ਦਿੱਤਾ। ਜਾਪਾਨੀ ਪਹਿਲਵਾਨ ਨੇ ਲਗਾਤਾਰ 10ਵਾਂ ਅੰਕ ਹਾਸਲ ਕਰਦੇ ਹੀ ਮੁਕਾਬਲਾ ਰੋਕ ਦਿੱਤਾ ਅਤੇ ਉਸ ਨੂੰ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ 'ਤੇ ਜੇਤੂ ਐਲਾਨ ਕਰ ਦਿੱਤਾ। ਰਿਸਾਕੋ ਨੇ ਰੀਓ 'ਚ 63 ਕਿ.ਗ੍ਰਾ ਵਰਗ 'ਚ ਸੋਨ ਜਿੱਤਿਆ ਸੀ।