ਚਾਇਨਾ ਓਪਨ 'ਚ ਪੀ. ਵੀ. ਸਿੰਧੂ ਦਾ ਸਫਰ ਖਤਮ, ਦੂਜੇ ਦੌਰ ਦਾ ਮੁਕਾਬਲਾ ਹਾਰੀ

09/19/2019 5:23:08 PM

ਸਪੋਰਟਸ ਡੈਸਕ— ਪਿਛਲੀ ਵਰਲਡ ਚੈਂਪੀਅਨ ਪੀ. ਵੀ. ਸਿੰਧੂ ਵੀਰਵਾਰ ਨੂੰ ਇੱਥੇ ਮਹਿਲਾ ਸਿੰਗਲ ਪ੍ਰੀ-ਕੁਆਟਰ ਫਾਈਨਲ 'ਚ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਖਿਲਾਫ ਤਿੰਨ ਗੇਮ ਤੱਕ ਚਲੇ ਰੋਮਾਂਚਕ ਮੁਕਾਬਲੇ 'ਚ ਮਿਲੀ ਹਾਰ ਨਾਲ ਚਾਇਨਾ ਓਪਨ ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੂੰ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਇੱਥੇ 58 ਮਿੰਟ ਚੱਲੇ ਮੁਕਾਬਲੇ 'ਚ ਪੋਰਨਪਾਵੀ ਦੇ ਖਿਲਾਫ 12-21,21-13,21-19 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਦੀ ਪੋਰਨਪਾਵੀ ਖਿਲਾਫ ਚਾਰ ਮੈਚਾਂ 'ਚ ਇਹ ਪਹਿਲੀ ਹਾਰ ਹੈ।
ਸਿੰਧੂ ਨੇ ਮੈਚ ਦੀ ਚੰਗੀ ਸ਼ੁਰੂਆਤ ਕਰਦੇ ਹੋਏ 7-1 ਦੀ ਬੜ੍ਹਤ ਬਣਾਈ ਪਰ ਬ੍ਰੇਕ ਤੱਕ ਥਾਈਲੈਂਡ ਦੀ ਖਿਡਾਰੀ ਨੇ ਸਕੋਰ 10-11 ਕਰ ਦਿੱਤਾ। ਸਿੰਧੂ ਨੇ ਬ੍ਰੇਕ ਤੋਂ ਬਾਅਦ ਲਗਾਤਾਰ ਅੱਠ ਅੰਕ ਬਣਾ ਕੇ ਸਕੋਰ 19-10 ਕੀਤਾ ਅਤੇ ਫਿਰ ਆਸਾਨੀ ਨਾਲ ਗੇਮ ਜਿੱਤ ਲਈ। ਦੂਜੀ ਗੇਮ 'ਚ ਪੋਰਨਪਾਵੀ ਨੇ ਚੰਗੀ ਸ਼ੁਰੂਆਤ ਕਰਦੇ ਹੋਏ 5-1 ਦੀ ਬੜ੍ਹਤ ਬਣਾਈ ਅਤੇ ਫਿਰ ਲਗਾਤਾਰ ਛੇ ਅੰਕਾਂ ਦੇ ਨਾਲ ਸਕੋਰ 15-7 ਕੀਤਾ। ਥਾਈਲੈਂਡ ਦੀ ਨੌਜਵਾਨ ਖਿਡਾਰਣ ਨੇ ਇਸ ਤੋਂ ਬਾਅਦ ਦੂਜੀ ਗੇਮ ਜਿੱਤ ਕੇ ਮੁਕਾਬਲਾ 1-1 ਨਾਲ ਬਰਾਬਰ ਕੀਤਾ। ਤੀਜੀ ਅਤੇ ਫਾਈਨਲ ਗੇਮ 'ਚ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਸਿੰਧੂ ਨੇ 6 -6 ਦੇ ਸਕੋਰ ਤੋਂ ਬਾਅਦ ਬ੍ਰੇਕ ਤੱਕ 11-7 ਦੀ ਬੜ੍ਹਤ ਹਾਸਲ ਕੀਤੀ। ਪੋਰਨਪਾਵੀ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ 19-15 ਦੇ ਸਕੋਰ 'ਤੇ ਸਿੰਧੂ ਜਿੱਤ ਹਾਸਲ ਕਰਨ ਦੇ ਕਰੀਬ ਵਿਖਾਈ ਦੇ ਰਹੀ ਸੀ। ਥਾਈਲੈਂਡ ਖਿਡਾਰਣ ਨੇ ਹਾਲਾਂਕਿ ਇਸ ਤੋਂ ਬਾਅਦ ਲਗਾਤਾਰ ਛੇ ਅੰਕ ਹਾਸਲ ਕਰ ਮੈਚ ਆਪਣੀ ਝੋਲੀ 'ਚ ਪਾ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਕੁਆਟਰ ਫਾਈਨਲਜ਼ 'ਚ ਥਾਈਲੈਂਡ ਦੀ ਖਿਡਾਰੀ ਦਾ ਸਾਹਮਣਾ ਚੀਨ ਦੀ ਚੇਨ ਯੁ ਫੇਈ ਨਾਲ ਹੋਵੇਗਾ।