ਵਰਲਡ ਚੈਂਪੀਅਨ ਬਣਨ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਨੇ ਕਿਹਾ, ਅੱਲ੍ਹਾ ਸਾਡੇ ਨਾਲ ਸੀ

07/16/2019 3:52:39 PM

ਸਪੋਰਟਸ ਡੈਸਕ- ਇੰਗਲੈਂਡ ਨੂੰ 44 ਸਾਲਾਂ ਬਾਅਦ ਵਿਸ਼ਵ ਜੇਤੂ ਬਣਾਉਣ ਵਾਲੇ ਕਪਤਾਨ ਇਯੋਨ ਮੋਰਗਨ ਨੇ ਨਿਊਜ਼ੀਲੈਂਡ ਵਿਰੁੱਧ ਕਾਂਟੇ ਦੀ ਟੱਕਰ ਤੋਂ ਬਾਅਦ ਮਿਲੀ ਜਿੱਤ ਲਈ ਮੰਨਿਆ ਕਿ ਫਾਈਨਲ ਵਿਚ ਨਿਸ਼ਚਿਤ ਹੀ ਅੱਲ੍ਹਾ ਅਤੇ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ। ਕਪਤਾਨ ਮੋਰਗਨ ਨੇ ਜਿੱਤ ਤੋਂ ਬਾਅਦ ਕਿਹਾ ਕਿ ਉਸ ਦੀ ਟੀਮ ਵਿਚ ਵੱਖ-ਵੱਖ ਖੇਤਰਾਂ ਅਤੇ ਧਰਮਾਂ ਦੇ ਖਿਡਾਰੀ ਹਨ ਅਤੇ ਇਹ ਵਿਭੰਨਤਾ ਵੀ ਉਨ੍ਹਾਂ ਦੇ ਵੱਡੇ ਤੌਰ 'ਤੇ ਕੰਮ ਆਈ।

ਉਸ ਨੇ ਦੱਸਿਆ ਕਿ ਮੈਚ ਤੋਂ ਬਾਅਦ ਲੈੱਗ ਸਪਿਨਰ ਆਦਿਲ ਰਾਸ਼ਿਦ ਨੇ ਉਸ ਨੂੰ ਕਿਹਾ ਕਿ ਅੱਲ੍ਹਾ ਟੀਮ ਦੇ ਨਾਲ ਸੀ ਅਤੇ ਉਸ ਨੇ ਇੰਗਲੈਂਡ ਨੂੰ ਜਿੱਤ ਦਿਵਾਈ। ਕਪਤਾਨ ਨੇ ਨਾਲ ਹੀ ਕਿਹਾ ਕਿ ਜਿਸ ਨੇ ਵੀ ਬੇਨ ਸਟੋਕਸ ਦੀ ਜੂਝਾਰੀ ਬੱਲੇਬਾਜ਼ੀ ਨੂੰ ਦੇਖਿਆ, ਉਸ ਨੂੰ ਉਸ ਦੇ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੋਰਗਨ ਨੇ ਕਿਹਾ, ''ਪੂਰੇ ਮੈਚ ਦੌਰਾਨ ਜਿਸ ਤਰ੍ਹਾਂ ਦੀਆਂ ਭਾਵਨਾਵਾਂ ਸਨ, ਸਟੋਕਸ ਨੇ ਕਾਫੀ ਤਜਰਬੇਕਾਰ ਤਰੀਕੇ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਇੰਗਲੈਂਡ ਵਿਚ ਜੋ ਵੀ ਵਿਸ਼ਵ ਕੱਪ ਦੇਖ ਰਿਹਾ ਸੀ, ਉਮੀਦ ਹੈ ਕਿ ਉਹ ਅਗਲਾ ਬੇਨ ਸਟੋਕਸ ਬਣਨ ਦੀ ਕੋਸ਼ਿਸ਼ ਕਰੇਗਾ।

ਇੰਗਲੈਂਡ ਨੇ ਬੀਤੇ ਐਤਵਾਰ ਨੂੰ ਇਤਿਹਾਸਕ ਲਾਰਡਸ ਮੈਦਾਨ 'ਤੇ ਖੇਡੇ ਗਏ ਵਰਲਡ ਕੱਪ ਦੇ ਫਾਈਨਲ 'ਚ ਸੁਪਰ ਓਵਰ 'ਚ ਵੀ ਮੈਚ ਟਾਈ ਰਹਿਣ ਤੋਂ ਬਾਅਦ ਜ਼ਿਆਦਾ ਬਾਊਂਡਰੀਆਂ ਦੇ ਆਧਾਰ 'ਤੇ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ।