ਕਾਰ ''ਚ ਸੁੱਤੇ ਪਾਏ ਗਏ ਸਨ ਵੁਡਸ, ਸਰੀਰ ''ਚ ਨਹੀਂ ਪਾਇਆ ਗਿਆ ਐਲਕੋਹਲ

05/31/2017 11:34:37 AM

ਵਾਸ਼ਿੰਗਟਨ— ਟਾਈਗਰ ਵੁਡਸ ਨੂੰ ਲੈ ਕੇ ਪੁਲਸ ਰਿਪੋਰਟ ਦੇ ਬਾਅਦ ਇਸ ਦਿੱਗਜ ਗੋਲਫਰ ਨੂੰ ਲੈ ਕੇ ਕੁਝ ਨਵੇਂ ਖੁਲ੍ਹਾਸੇ ਹੋਏ ਹਨ ਜਿਸ 'ਚ ਦੱਸਿਆ ਗਿਆ ਹੈ ਕਿ ਫਲੋਰਿਡਾ ਦੀ ਸੜਕ 'ਤੇ ਅਜੀਬੋ-ਗਰੀਬ ਤਰੀਕੇ ਨਾਲ ਪਾਰਕ ਕੀਤੀ ਗਈ ਕਾਰ 'ਚ ਉਹ ਡਰਾਈਵਰ ਦੀ ਸੀਟ 'ਤੇ ਡੂੰਘੀ ਨੀਂਦ 'ਚ ਸੌਂ ਰਹੇ ਸਨ ਅਤੇ ਕਾਰ ਦਾ ਇੰਜਨ ਚਲ ਰਿਹਾ ਸੀ ਅਤੇ ਉਸ ਦੀ ਬੱਤੀ ਜਗ ਰਹੀ ਸੀ। ਜਦੋਂ ਪੁਲਸ ਅਧਿਕਾਰੀ ਨੇ ਵੁਡਸ ਨੂੰ ਜਗਾਇਆ ਤਾਂ ਵੁਡਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿੱਥੇ ਹਨ। ਉਨ੍ਹਾਂ ਪਹਿਲਾਂ ਕਿਹਾ ਕਿ ਉਹ ਲਾਸ ਏਂਜਲਸ ਤੋਂ ਗੋਲਫ ਖੇਡ ਕੇ ਆਏ ਹਨ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਹ ਅਜੇ ਕਿੱਥੇ ਹਨ ਅਤੇ ਆਪਣੀ ਰਿਹਾਇਸ਼ ਜੂਪੀਟਰ ਆਈਲੈਂਡ ਤੋਂ ਕਿੰਨੀ ਦੂਰ ਹੈ। ਇਸ ਤੋਂ ਬਾਅਦ ਉਹ ਫਿਰ ਤੋਂ ਸੌਂ ਗਏ।


ਵੁਡਸ ਦੀ ਸਥਿਤੀ ਗੰਭੀਰ ਸੀ ਅਤੇ ਉਹ ਲੜਖੜਾ ਰਹੇ ਸਨ। ਉਨ੍ਹਾਂ ਦੇ ਸਰੀਰ 'ਚ ਹਾਲਾਂਕਿ ਅਲਕੋਹਲ ਦਾ ਕੋਈ ਸਬੂਤ ਨਹੀਂ ਪਾਇਆ ਗਿਆ। ਇਸ ਨਾਲ ਵੁਡਸ ਦੇ ਉਸ ਬਿਆਨ ਦੀ ਪੁਸ਼ਟੀ ਹੁੰਦੀ ਹੈ ਜੋ ਉਨ੍ਹਾਂ ਸੋਮਵਾਰ ਰਾਤ ਨੂੰ ਜਾਰੀ ਕੀਤਾ ਸੀ। ਇਸ 'ਚ ਇਸ ਗੋਲਫਰ ਨੇ ਕਿਹਾ ਸੀ ਕਿ ਦਵਾਈਆਂ ਦਾ ਉਨ੍ਹਾਂ 'ਤੇ ਬੁਰਾ ਅਸਰ ਪਿਆ। ਜੂਪੀਟਰ ਪੁਲਸ ਨੇ ਕਿਹਾ ਕਿ ਵੁਡਸ ਦੇ ਸਾਹ ਦਾ ਪ੍ਰੀਖਣ ਕੀਤਾ ਗਿਆ ਜਿਸ 'ਚ ਪਾਇਆ ਗਿਆ ਕਿ ਉਨ੍ਹਾਂ ਨੇ ਸ਼ਰਾਬ ਨਹੀਂ ਪੀਤੀ ਸੀ।