'ਕੌਣ ਬਣੇਗਾ ਕਰੋੜਪਤੀ' 'ਚ ਪਹੁੰਚੀ ਮਹਿਲਾ ਕ੍ਰਿਕਟ ਟੀਮ, ਜਿੱਤੇ 6 ਲੱਖ 40 ਹਜ਼ਾਰ ਰੁਪਏ

08/12/2017 7:36:42 PM

ਨਵੀਂ ਦਿੱਲੀ—ਆਪਣੇ ਸ਼ਾਨਦਾਰ ਖੇਡ ਨਾਲ ਪੂਰੇ ਦੇਸ਼ ਦਾ ਦਿਲ ਜਿੱਤਣ ਵਾਲੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹੁਣ ਸਭ ਤੋਂ ਵੱਡੇ ਰਿਐਲਿਟੀ ਗੇਮ ਸ਼ੋਅ 'ਕੌਣ ਬਣੇਗਾ ਕਰੋੜਪਤੀ' (ਕੇ.ਬੀ.ਸੀ.) ਦੇ ਰਾਹੀ ਇੱਕ ਵਾਰ ਫਿਰ ਲੋਕਾਂ ਦਾ ਦਿਲ ਜਿੱਤਣ ਜਾ ਰਹੀਆਂ ਹਨ।ਇਸ ਟੀਮ ਦੀ ਕਪਤਾਨ ਮਿਤਾਲੀ ਰਾਜ ਛੇ ਹੋਰ ਖਿਡਾਰੀਆਂ ਦੇ ਨਾਲ ਸਮਾਜਿਕ ਸਰੋਕਾਰ ਲਈ ਕੇ.ਬੀ.ਸੀ ਦਾ ਹਿੱਸਾ ਬਣੀ। ਸੱਤਾਂ ਖਿਡਾਰਨਾਂ ਨੇ ਕੇ.ਬੀ.ਸੀ ਦੇ ਸੈਲੀਬ੍ਰਿਟੀ ਐਪੀਸੋਡ ਵਿੱਚ ਹਿੱਸਾ ਲਿਆ ਅਤੇ ਗੇਮ ਖੇਡ ਕੇ 6 ਲੱਖ 40 ਹਜਾਰ ਰੁਪਏ ਜਿੱਤੇ। ਇਹ ਜਿੱਤੀ ਹੋਈ ਰਾਸ਼ੀ ਹੈਦਰਾਬਾਦ ਦੀ ਸਮਾਜਿਕ ਸੰਸਥਾ ਪ੍ਰਯਾਸ ਨੂੰ ਦੇ ਦਿੱਤੀ ਜਾਵੇਗੀ। 
ਮਹਿਲਾਵਾਂ ਦੇ 'ਤੇ ਜ਼ੁਲਮ ਖਿਲਾਫ ਕੰਮ ਕਰਨ ਵਾਲੀ ਇਸ ਸੰਸਥਾ ਦੀ ਬਰਾਂਡ ਅੰਬੈਸਡਰ ਮਿਤਾਲੀ ਹੈ। ਇਸ ਸੰਸਥਾ ਨੂੰ ਆਰਥਿਕ ਰੂਪ ਨਾਲ ਹੋਰ ਮਜ਼ਬੂਤ ਕਰਨ ਦਾ ਫੈਸਲਾ ਜਦੋਂ ਮਿਤਾਲੀ ਨੇ ਲਿਆ ਤਾਂ ਉਨ੍ਹਾਂ ਨਾਲ ਟੀਮ ਦੀਆਂ ਛੇ ਹੋਰ ਖਿਡਾਰਨਾਂ ਵੀ ਸਹਿਯੋਗ ਕਰਨ ਲਈ ਅੱਗੇ ਆਈਆਂ। ਇਸ ਮਹਿਲਾ ਟੀਮ ਦੇ ਪ੍ਰਸ਼ੰਸਕਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤਾਭ ਬੱਚਨ ਵੀ ਹਨ। ਕੇ.ਬੀ.ਸੀ ਵਲੋਂ ਮਹਿਲਾ ਟੀਮ ਦੀਆਂ ਖਿਡਾਰਨਾਂ ਨੂੰ ਸੈਲੀਬ੍ਰਿਟੀ ਐਪੀਸੋਡ ਵਿੱਚ ਖੇਡਣ ਲਈ ਬੁਲਾਇਆ ਗਿਆ।   
ਬਿੱਗ ਬੀ ਨੇ ਪੂਜਾ-ਪਾਠ ਕਰਕੇ ਜਦੋਂ ਕੇ.ਬੀ.ਸੀ. ਦੀ ਸ਼ੂਟਿੰਗ ਫਿਲਮਸਿਟੀ ਵਿੱਚ ਬਣੇ ਸੈਟ ਉੱਤੇ ਸ਼ੁਰੂ ਕੀਤੀ ਤਾਂ ਉਸ ਦੇ ਦੂਜੇ ਦਿਨ ਮਹਿਲਾ ਕ੍ਰਿਕਟ ਟੀਮ ਦੇ ਸੱਤ ਖਿਡਾਰੀਆਂ ਨੂੰ ਸੱਦਾ ਦਿੱਤਾ ਗਿਆ। ਇਸ ਵਿੱਚ ਮਿਤਾਲੀ ਦੇ ਨਾਲ ਹਰਮਨਪ੍ਰੀਤ ਕੌਰ, ਵੇਦਾ ਕ੍ਰਿਸ਼ਣਾਮੂਰਤੀ, ਸਿਮਰਤੀ ਮੰਧਾਨਾ, ਪੂਨਮ ਰਾਉਤ, ਝੂਲਨ ਗੋਸਵਾਮੀ ਅਤੇ ਦੀਪਤੀ ਸ਼ਰਮਾ  ਸ਼ਾਮਲ ਹੋਈ। ਇਸ ਟੀਮ ਦੇ ਖੇਡਣ ਤੋਂ ਪਹਿਲਾਂ ਹਾਟ ਸੀਟ ਉੱਤੇ ਬੈਠ ਕੇ ਬਿਹਾਰ ਦੀ ਨੇਹਾ ਸ਼ਰਮਾ 25 ਲੱਖ ਰੁਪਏ ਜਿੱਤ ਚੁੱਕੀ ਸੀ।  ਬਿੱਗ ਬੀ ਨੇ ਸਭ ਤੋਂ ਪਹਿਲਾਂ ਮਹਿਲਾ ਟੀਮ ਦੀ ਤਾਰੀਫ ਕਰਦੇ ਹੋਏ ਸੱਤਾਂ ਖਿਡਾਰੀਆਂ ਦੀ ਜਾਣ ਪਛਾਣ ਕਰਵਾਈ।  ਇਸ ਦੇ ਬਾਅਦ ਦੋ–ਦੋ ਦੀ ਟੀਮ ਵਿੱਚ ਸੱਤਾਂ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲਿਆ। ਆਖਰੀ ਖਿਡਾਰਨ ਦੇ ਨਾਲ ਮਿਤਾਲੀ ਨੇ ਦੁਬਾਰਾ ਖੇਡਿਆ। ਕੇ.ਬੀ.ਸੀ ਦਾ ਇਹ ਸੈਲੀਬ੍ਰਿਟੀ ਐਪੀਸੋਡ ਅਗਲੇ ਮਹੀਨੇ ਸੋਨੀ ਟੀ.ਵੀ ਉੱਤੇ ਪ੍ਰਸਾਰਿਤ ਹੋਵੇਗਾ।