ਮਹਿਲਾ ਵਿਸ਼ਵ ਕੱਪ : ਵਿੰਡੀਜ਼ ਨੇ ਫਸਵੇਂ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ

03/04/2022 5:00:59 PM

ਸਪੋਰਟਸ ਡੈਸਕ : ਮਾਊਂਟ ਮੌਂਗਾਨੁਈ ਦੇ ਬੇ ਓਵਲ ਮੈਦਾਨ ’ਤੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2022 ਦੇ ਸ਼ੁਰੂਆਤੀ ਮੈਚ ’ਚ ਵਿੰਡੀਜ਼ ਦੀ ਟੀਮ ਨੇ ਆਖਰੀ ਓਵਰਾਂ ’ਚ ਧਮਾਕੇਦਾਰ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਵੱਲੋਂ ਮਿਲੇ 260 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 49ਵੇਂ ਓਵਰ ਤੱਕ ਜਿੱਤ ਤੋਂ ਸਿਰਫ਼ 6 ਦੌੜਾਂ ਦੂਰ ਸੀ ਪਰ ਫਿਰ ਵਿੰਡੀਜ਼ ਦੇ ਆਲਰਾਊਂਡਰ ਡੀ ਡੌਟਿਨ ਨੇ ਗੇਂਦ ਨੂੰ ਸੰਭਾਲਿਆ ਅਤੇ 5 ਗੇਂਦਾਂ ’ਚ 3 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।  ਮੈਚ ਦੀ ਗੱਲ ਕਰੀਏ ਤਾਂ ਵਿੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਹੇਲੀ ਮੈਥਿਊਜ਼ ਓਪਨਰ ਡੌਟਿਨ ਦੇ ਨਾਲ ਓਪਨਿੰਗ ਲਈ ਮੈਦਾਨ ’ਤੇ ਆਈ। ਡੌਟਿਨ ਤਿੰਨ ਚੌਕਿਆਂ ਦੀ ਮਦਦ ਨਾਲ 7 ਗੇਂਦਾਂ ’ਤੇ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ ਪਰ ਇਸ ਦੌਰਾਨ ਮੈਥਿਊਜ਼ ਨੇ ਇਕ ਸਿਰੇ ਨੂੰ ਸੰਭਾਲੀ ਰੱਖਿਆ ਅਤੇ ਕਪਤਾਨ ਟੇਲਰ 30, ਕੈਮਬੇਲ 20 ਅਤੇ ਨੇਸ਼ਨ 36 ਦੌੜਾਂ ਦੇ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਇਆ। ਮੈਥਿਊਜ਼ ਨੇ 128 ਗੇਂਦਾਂ ’ਚ 16 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 119 ਦੌੜਾਂ ਬਣਾਈਆਂ ਅਤੇ ਸਕੋਰ ਨੂੰ 259 ਤੱਕ ਪਹੁੰਚਾਇਆ।

ਨਿਊਜ਼ੀਲੈਂਡ ਲਈ ਤਾਹੂਹੂ ਨੇ 57 ਦੌੜਾਂ ਦੇ ਕੇ 3, ਜੇਸ ਰਕਰ ਨੇ 43 ਦੌੜਾਂ ਦੇ ਕੇ 2 ਅਤੇ ਹੈਨਾ ਰੋਵ ਨੇ 51 ਦੌੜਾਂ ਦੇ ਕੇ ਇਕ ਵਿਕਟ ਲਈ। ਅਮੇਰੀਆ ਕਰਰ ਵੀ ਇਕ ਵਿਕਟ ਲੈਣ ’ਚ ਕਾਮਯਾਬ ਰਹੀ। ਜਵਾਬ ’ਚ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਸੂਜ਼ੀ ਬੇਟਸ 3 ਤਾਂ ਅਮੇਲੀਆ 13 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ ਪਰ ਸਲਾਮੀ ਬੱਲੇਬਾਜ਼ ਅਤੇ ਕਪਤਾਨ ਸੋਫੀਆ ਡੇਵਿਨ  ਇਕ ਸਿਰੇ ’ਤੇ ਡਟੀ ਰਹੀ ਅਤੇ ਸੈਂਕੜਾ ਲਗਾਇਆ। ਸੋਫੀਆ ਨੇ 127 ਗੇਂਦਾਂ ’ਚ 10 ਚੌਕਿਆਂ ਦੀ ਮਦਦ ਨਾਲ 108 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਇਕ ਸਮੇਂ 162 ਦੌੜਾਂ ’ਤੇ ਛੇ ਵਿਕਟਾਂ ਗੁਆ ਦਿੱਤੀਆਂ ਸਨ, ਜਦੋਂ ਉਸ ਨੂੰ ਹੇਠਲੇ ਕ੍ਰਮ ’ਚ ਕੇਟੀ ਮਾਰਟਿਨ ਅਤੇ ਜੇਸੀ ਕਰਰ ਦਾ ਸਾਥ ਮਿਲਿਆ। ਮਾਰਟਿਨ ਨੇ 47 ਗੇਂਦਾਂ ’ਚ 44 ਤਾਂ ਜੇਸ ਨੇ 21 ਗੇਂਦਾਂ ’ਚ 25 ਦੌੜਾਂ ਬਣਾਈਆਂ। ਇਹ ਦੋਵੇਂ ਆਪਣੀ ਟੀਮ ਨੂੰ ਜਿੱਤ ਦਿਵਾ ਹੀ ਦਿੰਦੀਆਂ ਕਿ ਡੋਟਿਨ ਨੇ ਆਖਰੀ ਓਵਰਾਂ ’ਚ ਕਾਫ਼ੀ ਵਧੀਆ ਫੀਲਡਿੰਗ ਕੀਤੀ। ਉਨ੍ਹਾਂ ਨੇ ਪਹਿਲਾਂ ਮਾਰਟਿਨ ਫਿਰ ਜੇਸ ਨੂੰ 3 ਗੇਂਦਾਂ ’ਚ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਫਰਾਨ ਜੋਨਾਸ ਨੇ ਰਨ ਆਊਟ ਹੋ ਕੇ ਆਪਣੀ ਟੀਮ ਨੂੰ ਤਿੰਨ ਦੌੜਾਂ ਨਾਲ ਰੋਮਾਂਚਕ ਜਿੱਤ ਦਿਵਾਈ।

Manoj

This news is Content Editor Manoj