ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ

03/04/2020 2:43:04 AM

ਸਿਡਨੀ— ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਟੂਰਨਾਮੈਂਟ ਵਿਚ ਮੰਗਲਵਾਰ ਦੇ ਆਖਰੀ ਗਰੁੱਪ ਮੁਕਾਬਲੇ ਮੀਂਹ ਦੇ ਕਾਰਣ ਰੱਦ ਹੋਣ ਤੋਂ ਬਾਅਦ ਟੂਰਨਾਮੈਂਟ ਦੀ ਸੈਮੀਫਾਈਨਲ ਲਾਈਨਅਪ ਤੈਅ ਹੋ ਗਈ ਹੈ, ਜਿਸ ਵਿਚ ਵੀਰਵਾਰ ਅਰਥਾਤ 5 ਮਾਰਚ ਨੂੰ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਤੇ ਦੱਖਣੀ ਅਫਰੀਕਾ ਦਾ ਮੁਕਾਬਲਾ ਸਾਬਕਾ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ। ਫਾਰਮ ਵਿਚ ਚੱਲ ਰਹੀ ਤੇ ਆਪਣੇ ਗਰੁੱਪ ਦੇ ਸਾਰੇ 4 ਮੈਚ ਜਿੱਤਣ ਵਾਲੀ ਭਾਰਤੀ ਟੀਮ ਦੇ ਕੋਲ ਇੰਗਲੈਂਡ ਤੋਂ 2 ਸਾਲ ਪਹਿਲਾਂ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੋਵੇਗਾ।
ਭਾਰਤੀ ਟੀਮ ਨਵੰਬਰ 2018 ਵਿਚ ਵੈਸਟਇੰਡੀਜ਼ ਵਿਚ ਹੋਏ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ 19.3 ਓਵਰਾਂ ਵਿਚ 112 ਦੌੜਾਂ 'ਤੇ ਸਿਮਟ ਗਈ ਸੀ, ਜਦਕਿ ਇੰਗਲੈਂਡ ਨੇ 17.1 ਓਵਰਾਂ ਵਿਚ 2 ਵਿਕਟਾਂ 'ਤੇ 116 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਸੀ। ਇਸ ਤੋਂ ਪਹਿਲਾਂ 2017 ਵਿਚ ਇੰਗਲੈਂਡ ਵਿਚ ਹੋਏ ਵਨ ਡੇ ਵਿਸ਼ਵ ਕੱਪ ਵਿਚ ਭਾਰਤ ਦਾ ਫਾਈਨਲ ਵਿਚ ਮੇਜ਼ਬਾਨ ਇੰਗਲੈਂਡ ਨਾਲ ਮੁਕਾਬਲਾ ਹੋਇਆ ਸੀ ਅਤੇ ਇੰਗਲੈਂਡ ਨੇ ਭਾਰਤੀ ਟੀਮ ਨੂੰ 9 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ ਸੀ।
ਇੰਗਲੈਂਡ ਨੇ 50 ਓਵਰਾਂ ਵਿਚ 7 ਵਿਕਟਾਂ 'ਤੇ 228 ਦੌੜਾਂ ਬਣਾਈਆਂ ਜਦਕਿ ਭਾਰਤੀ ਟੀਮ 48.4 ਓਵਰਾਂ ਵਿਚ 219 ਦੌੜਾਂ 'ਤੇ ਢੇਰ ਹੋ ਗਈ ਸੀ। ਮੌਜੂਦਾ ਵਿਸ਼ਵ ਕੱਪ ਵਿਚ ਭਾਰਤ ਨੇ ਗਰੁੱਪ-ਏ ਵਿਚ ਆਪਣੇ ਚਾਰੋ ਮੈਚ ਜਿੱਤੇ ਹਨ, ਜਦਕਿ ਇੰਗਲੈਂਡ ਦੀ ਟੀਮ ਗਰੁੱਪ-ਬੀ ਵਿਚ ਚਾਰ ਵਿਚੋਂ ਤਿੰਨ ਮੈਚ ਜਿੱਤ ਕੇ 6 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਗਰੁੱਪ-ਏ ਵਿਚ ਆਸਟਰੇਲੀਆ ਦੂਜੇ ਅਤੇ ਗਰੁੱਪ-ਬੀ ਵਿਚ ਦੱਖਣੀ ਅਫਰੀਕਾ 7 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ।

Gurdeep Singh

This news is Content Editor Gurdeep Singh