ਵਰਲਡ ਲੀਗ ਸੈਮੀਫਾਈਨਲ ਦੌਰੇ ''ਤੇ ਮਹਿਲਾ ਹਾਕੀ ਟੀਮ

06/30/2017 4:27:06 PM

ਨਵੀਂ ਦਿੱਲੀ— ਸਾਲ 2018 ਮਹਿਲਾ ਵਿਸ਼ਵ ਕੱਪ 'ਚ ਕੁਆਲੀਫਾਈ ਕਰਨ ਦੇ ਟੀਚੇ ਦੇ ਨਾਲ ਭਾਰਤੀ ਹਾਕੀ ਟੀਮ ਸ਼ਨੀਵਾਰ ਤੜਕੇ ਹਾਕੀ ਵਰਲਡ ਲੀਗ ਸੈਮੀਫਾਈਨਲ 'ਚ ਹਿੱਸਾ ਲੈਣ ਦੇ ਲਈ ਦੱਖਣੀ ਅਫਰੀਕਾ ਦੌਰੇ 'ਤੇ ਰਵਾਨਾ ਹੋਵੇਗੀ ਜਿੱਥੇ 8 ਜੁਲਾਈ ਤੋਂ ਹਾਕੀ ਮੈਚ ਸ਼ੁਰੂ ਹੋਣਗੇ।

ਜੋਹਾਨਸਬਰਗ 'ਚ ਵਰਲਡ ਲੀਗ ਸੈਮੀਫਾਈਨਲ ਮੁਕਾਬਲੇ 8 ਜੁਲਾਈ ਤੋਂ ਸ਼ੁਰੂ ਹੋਣਗੇ ਜਿੱਥੇ 18 ਮੈਂਬਰੀ ਭਾਰਤੀ ਟੀਮ ਦੀ ਕਮਾਨ ਤਜਰਬੇਕਾਰ ਸਟ੍ਰਾਈਕਰ ਰਾਨੀ ਦੇ ਹੱਥਾਂ 'ਚ ਹੋਵੇਗੀ। ਮਹਿਲਾ ਟੀਮ ਦੱਖਣੀ ਅਫਰੀਕਾ ਰਵਾਨਾ ਹੋਣ ਤੋ ਪਹਿਲਾਂ 6 ਦਿਨਾਂ ਤੋਂ ਨਵੀਂ ਦਿੱਲੀ 'ਚ ਹੀ ਰਹਿ ਰਹੀ ਹੈ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ। ਟੀਮ ਦੇ ਰਾਸ਼ਟਰੀ ਕੋਚ ਸ਼ੁਅਰਡ ਮਰੀਨੇ ਨੇ ਦੌਰੇ ਤੋਂ ਪਹਿਲਾਂ ਕਿਹਾ ਕਿ ਅਸੀਂ ਅੰਡਰ-18 ਮੁੰਡਿਆਂ ਦੀ ਟੀਮ ਦੇ ਨਾਲ ਪਿਛਲੇ ਕੁਝ ਦਿਨਾਂ 'ਚ ਕਈ ਮੈਚ ਖੇਡੇ ਹਨ। ਅਸੀਂ ਮੁੰਡਿਆਂ ਨਾਲ ਖੇਡ ਕੇ ਦੇਖਣਾ ਚਾਹੁੰਦੇ ਸੀ ਕਿ ਟੀਮ ਕਿੰਨੀ ਤੇਜ਼ੀ ਅਤੇ ਹਮਲਾਵਰਤਾ ਨਾਲ ਖੇਡ ਸਕਦੀ ਹੈ। ਇਸ ਤੋਂ ਇਲਾਵਾ ਸਰੀਰਕ ਤੌਰ 'ਤੇ ਅਸੀਂ ਟੀਮ ਨੂੰ ਟੈਸਟ ਕਰਨਾ ਚਾਹੁੰਦੇ ਸੀ।

ਇਸ ਮਹੀਨੇ ਦੀ ਸ਼ੁਰੂਆਤ 'ਚ ਮਹਿਲਾ ਹਾਕੀ ਟੀਮ ਨੇ ਸ਼ਿਲਾਰੂਦੇ ਸਾਈ ਸੈਂਟਰ 'ਚ ਤਿਆਰੀਆਂ ਕੀਤੀਆਂ ਸਨ ਜੋ ਕਾਫੀ ਉੱਚਾਈ 'ਤੇ ਹੈ ਅਤੇ ਇਸ ਦਾ ਮਕਸਦ ਜੋਹਾਨਸਬਰਗ ਦੇ ਹਾਲਾਤਾਂ ਦੇ ਮੁਤਾਬਕ ਖੁਦ ਨੂੰ ਢਾਲਣਾ ਸੀ। ਵਿਗਿਆਨਕ ਸਲਾਹਕਾਰ ਵਾਏੇਨੇ ਲੋਮਬਾਰਡ ਦੇ ਮਾਰਗਦਰਸ਼ਨ 'ਚ ਟੀਮ ਨੇ ਕਾਫੀ ਸਖਤ ਟ੍ਰੇਨਿੰਗ ਕੀਤੀ ਹੈ ਅਤੇ ਆਪਣੀ ਤੇਜ਼ੀ, ਲਚੀਲਾਪਨ ਅਤੇ ਫਿੱਟਨੈਸ ਨੂੰ ਜਾਂਚਿਆ ਹੈ।