ਬਜਰੰਗ ਦੇ ਨਾਲ ਨਾਇਨਸਾਫੀ ''ਤੇ ਫੈੱਡਰੇਸ਼ਨ ਨੇ ਵਿਰੋਧ ਜਤਾਇਆ

09/21/2019 7:16:09 PM

ਨੂਰ ਸੁਲਤਾਨ— ਭਾਰਤੀ ਕੁਸ਼ਤੀ ਮਹਾਸੰਘ ਨੇ ਵਿਸ਼ਵ ਦੇ ਨੰਬਰ ਇਕ ਪਹਿਲਵਾਨ ਬਜਰੰਗ ਪੂਨੀਆ ਦੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 65 ਕਿ. ਗ੍ਰਾ.ਫ੍ਰੀ ਸਟਾਈਲ ਵਰਗ ਵਿਚ ਮੇਜ਼ਬਾਨ ਦੇਸ਼ ਦੇ ਦੌਲਤ ਨਿਯਾਜਬੇਕੋਵ ਹੱਥੋਂ ਵਿਵਾਦਪੂਰਨ ਹਾਰ ਤੋਂ ਬਾਅਦ ਵਿਸ਼ਵ ਕੁਸ਼ਤੀ ਸੰਸਥਾ ਨੂੰ ਪੱਤਰ ਲਿਖ ਕੇ ਵਿਰੋਧ ਜਤਾਇਆ ਹੈ। ਬਜਰੰਗ ਤੇ ਨਿਯਾਜਬੇਕੋਵ ਵਿਚਾਲੇ  ਮੁਕਾਬਲਾ 9-9 ਨਾਲ ਬਰਾਬਰ ਰਿਹਾ ਸੀ ਪਰ ਮੁਕਾਬਲੇ ਦੌਰਾਨ ਨਿਯਾਜਬੇਕੋਵ ਦੇ ਇਕ ਦਬਾਅ 'ਤੇ ਚਾਰ ਅੰਕ ਹਾਸਲ ਕਰਨ ਕਾਰਨ ਅੰਤ ਵਿਚ ਉਸ ਨੂੰ ਜੇਤੂ ਐਲਾਨ ਕੀਤਾ ਗਿਆ ਸੀ। ਬਜਰੰਗ ਨੇ ਬਾਅਦ ਵਿਚ ਕਾਂਸੀ ਤਮਗਾ ਮੁਕਾਬਲਾ ਜਿੱਤਿਆ ਤੇ ਦੇਸ਼ ਨੂੰ ਓਲੰਪਿਕ ਕੋਟਾ ਵੀ ਦਿਵਾਇਆ।

ਕੁਸ਼ਤੀ ਮਹਾਸੰਘ ਨੇ ਦੱਸਿਆ ਕਿ ਉਸ ਵਲੋਂ ਵਿਸ਼ਵ ਕੁਸ਼ਤੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਨੂੰ ਸਿਰਫ ਸਮੀਖਿਆ ਲਈ ਬੇਨਤੀ ਭੇਜੀ ਗਈ ਹੈ ਤੇ ਇਸਦੇ ਜਵਾਬ ਵਿਚ ਸੰਚਾਲਨ ਕਮਿਸ਼ਨ ਦੇ ਮੁਖੀ ਨੇ ਭਰੋਸਾ ਦਿੱਤਾ ਹੈ ਕਿ ਭਾਰਤੀ ਮੁਕਾਬਲਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਕਮਿਸ਼ਨ ਨੇ ਵੀ ਮਹਿਸੂਸ ਕੀਤਾ ਸੀ ਕਿ ਇਸ ਮੁਕਾਬਲੇ ਦੌਰਾਨ ਕੁਝ ਫੈਸਲੇ ਗਲਤ ਸਨ। ਇਨ੍ਹਾਂ ਫੈਸਲਿਆਂ ਦੀ ਅਰਜਨ ਐਵਾਰਡੀ ਕੋਚ ਕ੍ਰਿਪਾਸ਼ੰਕਰ ਤੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਨੇ ਸਖਤ ਆਲੋਚਨਾ ਕੀਤੀ ਸੀ।