ਲਾਹੌਲ ਸਪਿਤੀ ''ਚ ਵਿੰਟਰ ਖੇਡਾਂ ਹੋਣਗੀਆਂ ਵਿਕਸਿਤ : ਮਾਰਕੰਡਾ

12/21/2019 12:55:07 PM

ਕਾਜ਼ਾ : ਸੂਬੇ ਦੇ ਸਭ ਤੋਂ ਉੱਚੇ ਹਾਕੀ ਆਈਸ ਰਿੰਕ ਵਿਚ ਪਹਿਲੀ ਵਾਰ ਟ੍ਰੇਨਿੰਗ ਕੈਂਪ ਸ਼ੁਰੂ ਹੋ ਗਿਆ ਹੈ। ਲਾਹੌਲ ਸਪਿਤੀ ਦੇ ਕਾਜ਼ਾ ਉਪ-ਮੰਡਲ ਵਿਚ ਸ਼ੁੱਕਰਵਾਰ  20 ਤੋਂ 29 ਦਸੰਬਰ ਤਕ ਆਈਸ ਹਾਕੀ ਕੋਚਿੰਗ ਕੈਂਪ ਅਤੇ ਟੂਰਨਾਮੈਂਟ ਦਾ ਸ਼ੁੱਭ-ਆਰੰਭ ਕੀਤਾ ਗਿਆ ਹੈ। ਇਸ ਆਯੋਜਨ ਵਿਚ ਪੰਜਾਬ ਕੇਸਰੀ ਗਰੁੱਪ ਮੀਡੀਆ ਪਾਰਟਨਰ ਅਤੇ ਸਹਿਯੋਗੀ ਹੈ। ਇਸ ਕੈਂਪ ਵਿਚ ਬਤੌਰ ਮੁੱਖ ਮਹਿਮਾਨ ਕ੍ਰਿਸ਼ੀ ਜਨਜਾਤੀ ਅਤੇ ਸੂਚਨਾ ਉਦਯੋਗਿਕ ਮੰਤਰੀ ਡਾ. ਰਾਮ ਲਾਲ ਮਾਰਕੰਡਾ ਨੇ ਹਿੱਸਾ ਲਿਆ। ਇਸ ਦੌਰਾਨ ਕਰਨਲ ਡਾ. ਜੈ ਪ੍ਰਕਾਸ਼ ਡੋਗਰਾ ਸਕਾਊਟ ਬਤੌਰ ਸੀਨੀਅਰ ਮਹਿਮਾਨ ਮੌਜੂਦ ਰਹੇ। 20 ਤੋਂ 29 ਦਸੰਬਰ ਤਕ ਚੱਲਣ ਵਾਲੇ ਆਈਸ ਸਕੇਟਿੰਗ ਹਾਕੀ ਕੋਚਿੰਗ ਕੈਂਪ ਦਾ ਆਯੋਜਨ ਲੱਦਾਖ ਵੂਮੈਨ ਆਈਸ ਹਾਕੀ ਫਾਊਂਡੇਸ਼ਨ ਲੇਹ ਅਤੇ ਨੌਜਵਾਨ ਸੇਵਾਵਾਂ ਅਤੇ ਖੇਡ ਵਿਭਾਗ ਕਾਜ਼ਾ ਦੇ ਸਹਿਯੋਗ ਨਾਲ ਹੋ ਰਿਹਾ ਹੈ। ਇਸ ਕੈਂਪ ਵਿਚ 45 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਡਾ. ਰਾਮ ਲਾਲ ਮਾਰਕੰਡਾ ਨੇ ਕਿਹਾ ਕਿ ਲਾਹੌਲ ਸਪਿਤੀ ਵਿਚ ਵਿੰਟਰ ਸਪੋਰਟਸ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਅਸੀਂ ਇਥੇ ਆਉਣ ਵਾਲੇ ਸਮੇਂ ਵਿਚ ਆਈਸ ਹਾਕੀ ਅਤੇ ਸਕੀਇੰਗ ਆਦਿ ਵਿੰਟਰ ਸਪੋਰਟਸ ਨੂੰ ਉਤਸ਼ਾਹਿਤ ਕਰਾਂਗੇ ਤਾਂ ਕਿ ਸੈਲਾਨੀ ਇਥੇ ਵੱਧ ਤੋਂ ਵੱਧ ਆ ਸਕਣ।

ਕਿਬਰ ਵਿਚ ਬਰਫਾਨੀ ਤੇਂਦੂਏ ਨੂੰ ਦੇਖਣ ਲਈ ਹਰ ਸਾਲ ਲੱਖਾਂ ਲੋਕ ਪਹੁੰਚਦੇ ਹਨ, ਅਜਿਹੀ ਹਾਲਤ ਵਿਚ ਆਈਸ ਹਾਕੀ ਦਾ ਸਟੇਡੀਅਮ ਇਥੇ ਕਾਫੀ ਵੱਡਾ ਤਿਆਰ ਕੀਤਾ ਜਾਵੇਗਾ। ਮੰਤਰੀ  ਨੇ ਆਈਸ ਹਾਕੀ ਲਈ 15 ਲੱਖ ਅਤੇ ਸਕੀਇੰਗ ਲਈ 15 ਲੱਖ ਰੁਪਏ ਦਾ ਐਲਾਨ ਕੀਤਾ। ਉਸ ਨੇ ਲੱਦਾਖ ਵੂਮੈਨ ਆਈਸ ਹਾਕੀ ਫਾਊਂਡੇਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਪਿਤੀ ਦੇ ਖਿਡਾਰੀਆਂ ਨੂੰ ਟਰੇਂਡ ਕੀਤਾ ਜਾਵੇ ਤਾਂ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਇਥੋਂ ਦੇ ਬੱਚੇ ਪ੍ਰਤੀਨਿਧਤਾ ਕਰ ਸਕਣ। ਡਾ. ਰਾਮ ਲਾਲ ਮਾਰਕੰਡਾ ਨੇ ਕਿਹਾ ਕਿ ਕਾਜ਼ਾ ਪ੍ਰਸ਼ਾਸਨ ਨੇ ਜੂਟ ਦੇ ਬੈਗ ਸਰਦੀਆਂ ਵਿਚ ਕੂੜਾ ਚੁੱਕਣ ਲਈ ਲਾਂਚ ਕੀਤੇ ਹਨ, ਇਹ ਸ਼ਲਾਘਾਯੋਗ ਕਦਮ ਹੈ। ਸਪਿਤੀ ਨੂੰ ਸੁੰਦਰ ਸਵੱਛ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਕੋਸ਼ਿਸ਼ ਕਰਨੀ ਪਵੇਗੀ। ਇਸ ਦੌਰਾਨ ਐੱਸ. ਡੀ. ਐੱਮ. ਜੀਵਨ ਸਿੰਘ ਨੇਗੀ ਨੇ ਧੰਨਵਾਦ ਭਾਸ਼ਣ ਵਿਚ ਕਿਹਾ ਕਿ ਮੰਤਰੀ, ਸਥਾਨਕ ਪ੍ਰਸ਼ਾਸਨ ਅਤੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਹੀ ਇਹ ਸਫਲਤਾ ਮਿਲ ਸਕੀ ਹੈ।
ਇਸ ਮੌਕੇ ਟੀ. ਏ. ਸੀ. ਮੈਂਬਰ ਰਾਜੇਂਦਰ ਬੌਧ, ਲੋਬਜੰਗ ਬੌਧ, ਪਾਲਜੋਰ ਬੌਧ, ਡੀ. ਐੱਫ. ਓ. ਹਰਦੇਵ ਨੇਗੀ, ਨੌਜਵਾਨ ਸੇਵਾਵਾਂ ਅਤੇ ਖੇਡ ਵਿਭਾਗ ਤੋਂ ਸਕਾਲਜੰਗ,  ਸਿੰਚਾਈ ਅਤੇ ਜਨ ਸਿਹਤ ਕਲਿਆਣ ਮੰਤਰੀ ਕਾਜ਼ਾ ਮਨੋਜ ਕੁਮਾਰ ਨੇਗੀ,  ਲੋਕ ਨਿਰਮਾਣ ਵਿਭਾਗ ਟਾਸ਼ੀ, ਬੀ. ਜੇ. ਪੀ. ਮੰਡਲ ਪ੍ਰਧਾਨ ਰਾਕੇਸ਼ ਕੁਮਾਰ ਆਦਿ ਮੌਜੂਦ ਰਹੇ।

ਐਡਵਾਂਸ ਕੋਚਿੰਗ ਲਈ ਬੱਚਿਆਂ ਨੂੰ ਭੇਜਿਆ ਜਾਵੇਗਾ ਲੱਦਾਖ

ਇਸ 10 ਦਿਨਾ ਕੈਂਪ ਦੌਰਾਨ ਬੱਚਿਆਂ ਨੂੰ ਐਡਵਾਂਸ ਕੋਚਿੰਗ ਕੈਂਪ ਲਈ ਲੱਦਾਖ ਭੇਜਿਆ  ਜਾਵੇਗਾ। ਇਸ ਦੌਰਾਨ ਜੋ ਵੀ ਖਰਚ ਆਵੇਗਾ, ਉਸ ਦਾ ਪ੍ਰਬੰਧ ਕੀਤਾ ਜਾਵੇਗਾ।  ਡਾ. ਰਾਮ ਲਾਲ ਮਾਰਕੰਡਾ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਨੀਤੀਆਂ ਦਾ ਨਿਰਮਾਣ ਕਰ ਰਹੀ ਹੈ, ਅਜਿਹੀ ਹਾਲਤ ਵਿਚ ਸਰਕਾਰ ਵਲੋਂ ਖਿਡਾਰੀਆਂ ਨੂੰ ਬਿਹਤਰੀਨ ਅਤੇ ਅਤਿ-ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਸਪਿਤੀ ਵਿਚ 5 ਮਹੀਨਿਆਂ ਤਕ ਰਹਿੰਦੀ ਹੈ ਬਰਫ

ਡਾ. ਰਾਮ ਲਾਲ ਮਾਰਕੰਡਾ ਨੇ ਇਸ ਮੌਕੇ ਲੱਦਾਖ ਵੂਮੈਨ ਆਈਸ ਹਾਕੀ ਫਾਊਂਡੇਸ਼ਨ ਦੀ ਖਿਡਾਰਨ ਸਟਾਜਿੰਗ ਚੋਸਤੋ, ਰਿੰਚਨ ਡੋਲਮਾ ਅਤੇ ਟਾਸ਼ੀ ਡੋਲਕਰ ਅਤੇ ਮੈਂਬਰਾਂ ਵਿਚ ਕੁੰਗਾ ਤੰਡੁਪ ਅਤੇ ਸੰਜੀਵਨੀ ਰਾਏ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਨੇ ਕੈਂਪ ਦਾ ਉਦਘਾਟਨ ਕੀਤਾ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਏ. ਡੀ. ਐੱਮ. ਗਿਆਨ ਸਾਗਰ ਨੇਗੀ ਨੇ ਕਿਹਾ ਕਿ ਸਪਿਤੀ ਵਿਚ 5 ਮਹੀਨਿਆਂ ਤਕ ਬਰਫ ਰਹਿੰਦੀ ਹੈ। ਇਥੋਂ ਦੇ ਲੋਕ ਬਰਫ ਵਿਚ ਵੀ ਆਪਣੀ ਜ਼ਿੰਦਗੀ ਜਿਊਣ ਵਿਚ ਪੂਰੇ ਸਮਰਥ ਹਾਂ। ਅਜਿਹੀ ਹਾਲਤ ਵਿਚ ਜੇਕਰ ਇਥੋਂ ਦੇ ਬੱਚਿਆਂ ਨੂੰ ਆਈਸ ਹਾਕੀ ਬਾਰੇ ਟ੍ਰੇਨਿੰਗ ਦਿੱਤੀ ਜਾਵੇ ਤਾਂ ਬਿਹਤਰ ਖਿਡਾਰੀ ਸਪਿਤੀ ਤੋਂ ਨਿਕਲ ਕੇ ਦੇਸ਼-ਦੁਨੀਆ ਵਿਚ ਨਾਂ ਰੌਸ਼ਨ ਕਰ ਸਕਦੇ ਹਨ। ਇਸ ਲਈ ਸਥਾਨਕ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। 50 ਅਤੇ 30 ਮੀਟਰ ਦਾ ਆਈਸ ਹਾਕੀ ਸਟੇਡੀਅਮ ਘੱਟ ਸਮੇਂ ਵਿਚ ਤਿਆਰ ਕੀਤਾ ਗਿਆ ਹੈ। ਲੱਦਾਖ ਵੂਮੈਨ ਆਈਸ ਹਾਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਹ ਕੈਂਪ ਚਲਾਇਆ ਜਾ ਰਿਹਾ ਹੈ।