ਵਿੰਡੀਜ਼ ਨੂੰ ਵਰਲਡ ਕੱਪ ਜਿਤਾਉਣ ਵਾਲੇ ਇਸ ਧਾਕੜ ਖਿਡਾਰੀ ਨੂੰ ਮਿਲੇਗੀ ਪਾਕਿ ਦੀ ਨਾਗਰਿਕਤਾ

02/22/2020 5:13:13 PM

ਨਵੀਂ ਦਿੱਲੀ : ਪਾਕਿਸਤਾਨ ਸਰਕਾਰ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੂੰ ਦੇਸ਼ ਵਿਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਵਿਚ ਭੂਮਿਕਾ ਨਿਭਾਉਣ ਲਈ ਆਨਰੇਰੀ ਨਾਗਰਿਕਤਾ ਨਾਲ ਸਨਮਾਨਿਤ ਕਰੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ। ਸੈਮੀ 5ਵੇਂ ਪਾਕਿਸਤਾਨ ਸੁਪਰ ਲੀਗ ਵਿਚ ਪੇਸ਼ਾਵਰ ਜਾਲਮੀ ਦੀ ਅਗਵਾਈ ਕਰ ਰਹੇ ਹਨ। ਉਸ ਨੂੰ ਰਾਸ਼ਟਰਪਤੀ ਆਰਿਫ ਅਲਵੀ 23 ਮਾਰਚ ਨੂੰ ਆਨਰੇਰੀ ਅਤੇ  ਪਾਕਿਸਤਾਨ ਦੇ ਸਰਵਉੱਚ ਸਨਮਾਨ 'ਨਿਸ਼ਾਨ ਏ ਹੈਦਰ' ਨਾਲ ਸਨਮਾਨਿਤ ਕਨਗੇ।

ਸੈਮੀ ਪੀ. ਐੱਸ. ਐੱਲ. ਵਿਚ ਸ਼ੁਰੂ ਤੋਂ ਹੀ ਖੇਡ ਰਹੇ ਹਨ ਅਤੇ ਉਸ ਨੂੰ ਦੇਸ਼ ਵਿਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਵਿਚ ਅਹਿਮ ਭੂਮਿਕਾ ਨਿਭਾਈ। ਉਹ ਸਾਲ 2017 ਵਿਚ ਜਦੋਂ ਜ਼ਿਆਦਾ ਵਿਦੇਸ਼ੀ ਖਿਡਾਰੀਆਂ ਨੇ ਸੁਰੱਖਿਆ ਇੰਤਜ਼ਾਮ ਕਾਰਨ ਲਾਹੌਰ ਵਿਚ ਪੀ. ਐੱਸ. ਐੱਲ. ਫਾਈਨਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਤਦ ਸੈਮੀ ਨੇ ਖੇਡਣ 'ਤੇ ਸਹਿਮਤੀ ਜਤਾਈ ਸੀ। ਪੇਸ਼ਾਵਰ ਨੇ ਤਦ ਉਸ ਦੀ ਅਗਵਾਈ ਵਿਚ ਖਿਤਾਬ ਜਿੱਤਿਆ ਸੀ।

ਇਸ ਤੋਂ ਇਲਾਵਾ ਸੈਮੀ ਨੂੰ ਪਾਕਿਸਤਾਨ ਵਿਚ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਤੀਜੇ ਕੌਮਾਂਤਰੀ ਕ੍ਰਿਕਟਰ ਹੋਣਗੇ, ਜਿਸ ਨੂੰ ਕਿਸੇ ਦੇਸ਼ ਦੀ ਆਨਰੇਰੀ ਨਾਗਰਿਕਤਾ ਦਿੱਤੀ ਜਾਵੇਗੀ। ਉਸ ਤੋਂ ਪਹਿਲਾਂ ਆਸਟਰੇਲੀਆ ਦੇ ਮੈਥਿਊ ਹੇਡਨ ਅਤੇ ਦੱਖਣੀ ਅਫਰੀਕਾ ਦੇ ਹਰਸ਼ਲ ਗਿਬਸ ਨੂੰ ਸੈਂਟ ਕੀਟਸ ਸਰਕਾਰ ਨੇ ਵਰਲਡ ਕੱਪ 2007 ਤੋਂ ਬਾਅਦ ਆਪਣੇ ਦੇਸ਼ ਦੀ ਆਨਰੇਰੀ ਨਾਗਰਿਕਤਾ ਦਿੱਤੀ ਸੀ।