ਵਿੰਬਲਡਨ ਦੇ ਤਿੰਨ ਮੈਚਾਂ ਦੀ ਮੈਚ ਫਿਕਸਿੰਗ ਦੇ ਲਈ ਜਾਂਚ ਹੋਵੇਗੀ

07/20/2017 6:38:28 PM

ਲੰਡਨ— ਵਿੰਬਲਡਨ ਦੇ ਇਸ ਸਾਲ ਹੋਣ ਵਾਲੇ ਤਿੰਨ ਮੈਚਾਂ ਦੀ ਸੰਭਾਵੀ ਮੈਚ ਫਿਕਸਿੰਗ ਦੇ ਲਈ ਜਾਂਚ ਕੀਤੀ ਜਾਵੇਗੀ। ਟੈਨਿਸ ਇੰਟੀਗ੍ਰਿਟੀ ਯੂਨਿਟ (ਟੀ.ਆਈ.ਯੂ.) ਨੇ ਇਹ ਜਾਣਕਾਰੀ ਦਿੱਤੀ। ਟੈਨਿਸ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਕਿਹਾ ਕਿ ਰੋਹਮਪਟਨ 'ਚ ਕੁਆਲੀਫਾਇੰਗ ਦੇ 2 ਮੈਚਾਂ ਅਤੇ ਮੁੱਖ ਵਿੰਬਲਡਨ ਡਰਾਅ ਦੇ ਇਕ ਮੈਚ ਦੇ ਲਈ ਕੁਝ ਅਜੀਬੋ-ਗਰੀਬ ਸੱਟੇਬਾਜ਼ੀ ਪੈਟਰਨ ਦੇਖਿਆ ਗਿਆ ਅਤੇ ਇਸ ਦੀ ਅੱਗੇ ਜਾਂਚ ਕੀਤੀ ਜਾਵੇਗੀ।

ਟੀ.ਆਈ.ਯੂ. ਨੇ ਆਪਣੀ ਵੈੱਬਸਾਈਟ 'ਤੇ ਕਿਹਾ, ''ਇਨ੍ਹਾਂ ਦਾ ਟੀ.ਆਈ.ਯੂ. ਮੈਚ ਚਿਤਾਵਨੀ ਨੀਤੀ ਦੇ ਤਹਿਤ ਮੁਲਾਂਕਣ ਅਤੇ ਸਮੀਖਿਆ ਕੀਤੀ ਜਾਵੇਗੀ।'' ਟੀ.ਆਈ.ਯੂ. ਦੀ ਮੈਚ ਚਿਤਾਵਨੀ ਨੀਤੀ ਦਾ ਮਤਲਬ ਹੈ ਕਿ ਇਹ ਇਕਾਈ ਬੇਨਿਯਮੀਆਂ ਅਤੇ ਅਜੀਬੋ ਗਰੀਬ ਸੱਟੇਬਾਜ਼ੀ ਘਟਨਾਵਾਂ ਦੀ ਜਾਂਚ ਕਰਦੀ ਹੈ ਪਰ ਇਹ ਚਿਤਾਵਨੀ ਮੈਚ ਫਿਸਸਿੰਗ ਦਾ ਸਬੂਤ ਨਹੀਂ ਹੈ।