ਵਿੰਬਲਡਨ : ਰਿਸਕੇ ਨੇ ਨੰਬਰ ਇਕ ਬਾਰਟੀ ਦਾ ਕੀਤਾ ਸ਼ਿਕਾਰ

07/08/2019 11:23:38 PM

ਲੰਡਨ— ਅਮਰੀਕਾ ਦੀ ਐਲੀਸਨ ਰਿਸਕੇ ਨੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਨੰਬਰ ਇਕ ਖਿਡਾਰਨ ਤੇ ਚੋਟੀ ਦਾ ਦਰਜਾ ਪ੍ਰਾਪਤ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੂੰ ਸੋਮਵਾਰ ਤਿੰਨ ਸੈੱਟਾਂ ਵਿਚ 3-6, 6-2, 6-3 ਨਾਲ ਹਰਾ ਕੇ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ, ਜਦਕਿ ਫ੍ਰੈਂਚ ਓਪਨ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਤੇ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। 
ਰਿਸਕੇ ਨੇ ਇਹ ਮੁਕਾਬਲਾ ਇਕ ਘੰਟਾ 37 ਮਿੰਟ ਵਿਚ ਜਿੱਤ ਕੇ ਪਹਿਲੀ ਵਾਰ ਵਿੰਬਲਡਨ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। 29 ਸਾਲਾ ਰਿਸਕੇ ਦਾ ਕਿਸੇ ਵੀ ਗ੍ਰੈਂਡ ਸਲੈਮ ਵਿਚ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਤਕ ਉਹ 2013 ਵਿਚ ਯੂ. ਐੱਸ. ਓਪਨ ਦੇ ਚੌਥੇ ਰਾਊਂਡ ਵਿਚ ਪਹੁੰਚੀ ਸੀ। 
ਫ੍ਰੈਂਚ ਓਪਨ ਖਿਤਾਬ ਜਿੱਤਣ ਤੋਂ ਬਾਅਦ ਦੁਨੀਆ ਦੀ ਨੰਬਰ ਇਕ ਖਿਡਾਰਨ ਬਣੀ 23 ਸਾਲਾ ਬਾਰਟੀ ਦਾ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਪਹੁੰਚਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ। ਉਹ ਪਿਛਲੇ ਸਾਲ ਤੀਜੇ ਦੌਰ ਵਿਚੋਂ ਬਾਹਰ ਹੋਈ ਸੀ ਤੇ ਇਸ ਵਾਰ ਉਸ ਨੂੰ ਚੌਥੇ ਦੌਰ ਵਿਚੋਂ ਬਾਹਰ ਹੋਣਾ ਪਿਆ। ਇਸ ਤੋਂ ਪਹਿਲਾਂ ਸਾਬਕਾ ਨੰਬਰ ਇਕ ਤੇ ਦੂਜੀ ਸੀਡ ਜਾਪਾਨ ਦੀ ਨਾਓਮੀ ਓਸਾਕਾ ਨੂੰ ਪਹਿਲੇ ਹੀ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਵਿੰਬਲਡਨ ਵਿਚ ਚੌਥੇ ਦੌਰ ਤਕ ਚੋਟੀ ਦੀਆਂ ਦੋ ਖਿਡਾਰਨਾਂ ਦੀ ਛੁੱਟੀ ਹੋ ਚੁੱਕੀ ਹੈ। ਤੀਜਾ ਦਰਜਾ ਪ੍ਰਾਪਤ ਤੇ ਦੁਨੀਆ ਦੇ ਨੰਬਰ ਦੋ ਖਿਡਾਰੀ ਨਡਾਲ ਨੇ ਲਗਾਤਾਰ ਸੈੱਟਾਂ ਵਿਚ ਜਿੱਤ ਹਾਸਲ ਕੀਤੀ ਤੇ ਲਗਾਤਾਰ 8ਵੇਂ ਗ੍ਰੈਂਡ ਸਲੈਮ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ। ਨਡਾਲ ਨੇ ਪੁਰਤਗਾਲ ਦੇ ਜੋਆਓ ਸੌਸਾ ਨੂੰ ਇਕ ਘੰਟਾ 45 ਮਿੰਟ ਵਿਚ 6-2, 6-2, 6-2 ਨਾਲ ਹਰਾਇਆ। 
ਇਸ ਵਿਚਾਲੇ 23ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਨੇ ਰਿਕਾਰਡ 24ਵੇਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਵੱਲ ਕਦਮ ਵਧਾਉਂਦਿਆਂ ਸਪੇਨ ਦੀ ਕਾਰਲੋ ਸੁਆਰੇਜ ਨਵਾਰੋ ਨੂੰ ਸਿਰਫ 64 ਮਿੰਟ ਵਿਚ 6-2, 6-2 ਨਾਲ ਹਰਾ ਦਿੱਤਾ। ਕੁਆਰਟਰ ਫਾਈਨਲ ਵਿਚ ਸੇਰੇਨਾ ਦਾ ਹੁਣ ਮੁਕਾਬਲਾ ਰਿਸਕੇ ਨਾਲ ਹੋਵੇਗਾ, ਜਿਸ ਨੇ ਬਾਰਟੀ ਨੂੰ ਬਾਹਰ ਕੀਤਾ। ਇਸ ਵਿਚਾਲੇ ਅੱਠਵੀਂ ਸੀਡ ਯੂਕ੍ਰੇਨ ਦੀ ਐਲਿਨਾ ਸਵੀਤੋਲਿਨਾ ਨੇ ਕ੍ਰੋਏਸ਼ੀਆ ਦੀ ਪੇਤ੍ਰਾ ਮਾਰਟਿਚ ਨੂੰ ਇਕ ਘੰਟਾ 49 ਮਿੰਟ ਵਿਚ 6-4, 6-2 ਨਾਲ, ਚੈੱਕ ਗਣਰਾਜ ਦੀ ਬਾਰਬੋਰਾ ਸਟ੍ਰਾਈਕੋਵਾ ਨੇ ਬੈਲਜੀਅਮ ਦੀ ਐਲਿਸ ਮਾਰਟਸਨ ਨੂੰ 4-6, 7-5, 6-2 ਨਾਲ ਤੇ ਚੀਨ ਦੀ ਸ਼ੂਆਈ ਝਾਂਗ ਨੇ ਯੂਕ੍ਰੇਨ ਦੀ ਡਾਇਨਾ ਯਾਸਤ੍ਰੇਮਸਕਾ ਨੂੰ ਇਕ ਘੰਟਾ 46 ਮਿੰਟ ਵਿਚ 6-4, 1-6, 6-2 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ।
 

Gurdeep Singh

This news is Content Editor Gurdeep Singh