ਵਿਲੀਅਮਸਨ ਬਣੇ ਟੈਸਟ 'ਚ ਨੰਬਰ ਵਨ ਖਿਡਾਰੀ, ਕੋਹਲੀ ਪਹੁੰਚੇ ਇਸ ਸਥਾਨ 'ਤੇ

06/30/2021 9:00:13 PM

ਦੁਬਈ - ਸਾਊਥੰਪਟਨ 'ਚ ਪਿਛਲੇ ਹਫ਼ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ 'ਚ ਖਿਤਾਬੀ ਜਿੱਤ ਦੌਰਾਨ ਟੀਮ ਦੀ ਅਗਵਾਈ ਕਰਨ ਵਾਲੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ ਵਿਚ ਮੁੜ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। 30 ਸਾਲ ਦੇ ਵਿਲੀਅਮਸਨ ਨੇ ਭਾਰਤ ਵਿਰੁੱਧ ਘੱਟ ਸਕੋਰ ਵਾਲੇ ਫਾਈਨਲ ਦੀਆਂ ਦੋ ਪਾਰੀਆਂ 'ਚ ਕ੍ਰਮਵਾਰ 49 ਅਤੇ ਅਜੇਤੂ 52 ਦੌੜਾਂ ਬਣਾਈਆਂ, ਜਿਸ ਨਾਲ ਉਨ੍ਹਾਂ ਦੇ 901 ਅੰਕ ਹੋ ਗਏ ਹਨ ਤੇ ਉਨ੍ਹਾਂ ਨੇ ਸਟੀਵ ਸਮਿਥ (891 ਅੰਕ) 'ਤੇ 10 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਚੌਥੇ ਸਥਾਨ 'ਤੇ ਕਾਇਮ ਹਨ ਜਦਕਿ ਰੋਹਿਤ ਸ਼ਰਮਾ ਛੇਵੇਂ ਸਥਾਨ 'ਤੇ ਪੁੱਜ ਗਏ ਹਨ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 7ਵੇਂ ਸਥਾਨ 'ਤੇ ਹਨ। 

ਇਹ ਖ਼ਬਰ ਪੜ੍ਹੋ- ਪਾਕਿ ਦੇ ਲਈ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਕਰਨ ਨੂੰ ਤਿਆਰ : ਸੋਹੇਬ

 


ਦੋ ਹਫ਼ਤੇ ਪਹਿਲਾਂ ਸਮਿਥ ਕੀਵੀ ਬੱਲੇਬਾਜ਼ ਵਿਲੀਅਮਸਨ ਨੂੰ ਪਛਾੜ ਕੇ ਰੈਂਕਿੰਗ 'ਚ ਚੋਟੀ 'ਤੇ ਪੁੱਜੇ ਸਨ ਪਰ ਨਿਊਜ਼ੀਲੈਂਡ ਦੇ ਕਪਤਾਨ ਨੇ ਮੁੜ ਚੋਟੀ ਸਥਾਨ ਹਾਸਲ ਕਰ ਲਿਆ। ਵਿਲੀਅਮਸਨ ਆਸਟ੍ਰੇਲੀਆ ਵਿਰੁੱਧ ਸੀਰੀਜ਼ ਦੌਰਾਨ ਪਹਿਲੀ ਵਾਰ ਨਵੰਬਰ 2015 ਵਿਚ ਰੈਂਕਿੰਗ ਵਿਚ ਚੋਟੀ 'ਤੇ ਪੁੱਜੇ ਸਨ। ਡਬਲਯੂ. ਟੀ. ਸੀ. ਫਾਈਨਲ ਦੀ ਦੂਜੀ ਪਾਰੀ ਵਿਚ ਅਜੇਤੂ 47 ਦੌੜਾਂ ਬਣਾ ਕੇ ਵਿਲੀਅਮਸਨ ਨਾਲ 96 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਨ ਵਾਲੇ ਰਾਸ ਟੇਲਰ ਤਿੰਨ ਸਥਾਨ ਦੇ ਫਾਇਦੇ ਨਾਲ 14ਵੇਂ ਸਥਾਨ 'ਤੇ ਪੁੱਜ ਗਏ ਹਨ। ਖੱਬੇ ਹੱਥ ਦੇ ਬੱਲੇਬਾਜ਼ ਡੇਵੋਨ ਕਾਨਵੇ ਪਹਿਲੀ ਪਾਰੀ ਵਿਚ ਸਭ ਤੋਂ ਵੱਧ 52 ਦੌੜਾਂ ਬਣਾਉਣ ਤੋਂ ਬਾਅਦ 18 ਸਥਾਨ ਦੇ ਫਾਇਦੇ ਨਾਲ 42ਵੇਂ ਸਥਾਨ 'ਤੇ ਪੁੱਜ ਗਏ ਹਨ। ਤੇਜ਼ ਗੇਂਦਬਾਜ਼ੀ ਦੇ ਮੁਤਾਬਕ ਹਾਲਾਤ ਵਿਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੂੰ ਫਾਇਦਾ ਹੋਇਆ ਜਿਸ ਕਾਰਨ 'ਮੈਨ ਆਫ ਦ ਮੈਚ' ਬਣੇ ਕਾਇਲ ਜੇਮੀਸਨ ਮੈਚ ਵਿਚ 31 ਦੌੜਾਂ 'ਤੇ ਪੰਜ ਤੇ 30 ਦੌੜਾਂ 'ਤੇ ਦੋ ਵਿਕਟਾਂ ਹਾਸਲ ਕਰਨ ਤੋਂ ਬਾਅਦ ਕਰੀਅਰ ਦੇ ਸਰਬੋਤਮ 13ਵੇਂ ਸਥਾਨ 'ਤੇ ਪੁੱਜ ਗਏ। ਉਨ੍ਹਾਂ ਦੀ ਇਹ ਰੈਂਕਿੰਗ ਹਾਲਾਂਕਿ ਹੈਰਾਨੀ ਵਾਲੀ ਨਹੀਂ ਹੈ ਕਿਉਂਕਿ ਇਸ ਸਾਲ ਉਨ੍ਹਾਂ ਤੋਂ ਬਿਹਤਰ ਔਸਤ ਨਾਲ ਉਨ੍ਹਾਂ ਤੋਂ ਵੱਧ ਵਿਕਟਾਂ ਕਿਸੇ ਨੇ ਨਹੀਂ ਹਾਸਲ ਕੀਤੀਆਂ ਹਨ।

ਇਹ ਖ਼ਬਰ ਪੜ੍ਹੋ- ਇੰਗਲੈਂਡ ਫੁੱਟਬਾਲ ਟੀਮ ਯੂਰੋ ਕੱਪ ਦੇ ਕੁਆਰਟਰ ਫਾਈਨਲ 'ਚ, ਕ੍ਰਿਕਟਰਾਂ ਨੇ ਇੰਝ ਮਨਾਇਆ ਜਸ਼ਨ


ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਮੈਚ 'ਚ 48 ਦੌੜਾਂ 'ਤੇ ਦੋ ਤੇ 39 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕਰਨ ਤੋਂ ਬਾਅਦ ਦੋ ਸਥਾਨ ਦੇ ਫਾਇਦੇ ਨਾਲ 11ਵੇਂ ਸਥਾਨ 'ਤੇ ਪੁੱਜ ਗਏ ਹਨ। ਭਾਰਤ ਵੱਲੋਂ ਉਪ ਕਪਤਾਨ ਅਜਿੰਕਯ ਰਹਾਣੇ 49 ਅਤੇ 15 ਦੌੜਾਂ ਦੀਆਂ ਪਾਰੀਆਂ ਖੇਡਣ ਤੋਂ ਬਾਅਦ ਦੋ ਸਥਾਨ ਦੇ ਫਾਇਦੇ ਨਾਲ ਬੱਲੇਬਾਜ਼ੀ ਰੈਂਕਿੰਗ ਵਿਚ 11ਵੇਂ ਸਥਾਨ 'ਤੇ ਪੁੱਜ ਗਏ ਹਨ। ਹਰਫ਼ਨਮੌਲਾ ਦੀ ਸੂਚੀ ਵਿਚ ਇਕ ਹਫ਼ਤਾ ਸਿਖਰ 'ਤੇ ਰਹਿਣ ਤੋਂ ਬਾਅਦ ਭਾਰਤ ਦੇ ਰਵਿੰਦਰ ਜਡੇਜਾ ਦੂਜੇ ਸਥਾਨ 'ਤੇ ਖਿਸਕ ਗਏ ਹਨ। ਵੈਸਟਇੰਡੀਜ਼ ਦੇ ਜੇਸਨ ਹੋਲਡਰ ਇਕ ਵਾਰ ਮੁੜ ਚੋਟੀ 'ਤੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh