ਕੀ ਭਾਰਤ 2050 ਤਕ ਓਲੰਪਿਕ ਦੀ ਮੇਜ਼ਬਾਨੀ ਹਾਸਲ ਕਰ ਸਕੇਗਾ?

09/14/2017 12:31:10 AM

ਜਲੰਧਰ— ਭਾਰਤ ਭਾਵੇਂ ਅੱਜ ਕ੍ਰਿਕਟ ਦੇ ਬੇਤਾਜ ਬਾਦਸ਼ਾਹ ਵਜੋਂ ਦੁਨੀਆ 'ਤੇ ਆਪਣੀ ਪਛਾਣ ਬਣਾ ਚੁੱਕਾ ਹੈ ਤੇ ਇਹ ਖੇਡ ਉਸਦੇ ਹਰ ਗਲੀ-ਕੋਨੇ ਵਿਚ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ, ਉਥੇ ਹੀ ਬਾਕੀ ਖੇਡਾਂ ਪ੍ਰਤੀ ਬੇਪ੍ਰਵਾਹੀ ਦੇਸ਼ ਦਾ ਅਕਸਰ ਹੀ ਓਲੰਪਿਕ ਵਰਗੇ ਵੱਡੇ ਮੰਚ 'ਤੇ ਦੇਸ਼ ਦਾ ਸਿਰ ਸ਼ਰਮਸਾਰ ਕਰ ਦਿੰਦੀ ਹੈ। ਭਾਰਤ ਕਈ ਦਹਾਕਿਆਂ ਤੋਂ ਓਲੰਪਿਕ ਵਰਗੇ ਮੰਚ 'ਤੇ ਦੇਸ਼ ਲਈ ਤਮਗਿਆਂ ਤੋਂ ਵਾਂਝਾ ਰਿਹਾ ਹੈ। ਭਾਰਤ ਦੇ ਹੱਥ ਰੀਓ ਓਲੰਪਿਕ-2016 ਵਿਚ ਸਿਰਫ ਦੋ ਹੀ ਤਮਗੇ ਲੱਗੇ  ਤੇ ਉਹ ਵੀ ਇਕ ਚਾਂਦੀ ਜਿਹੜਾ ਕਿ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਤੇ ਦੂਜਾ ਕਾਂਸੀ ਜਿਹੜਾ ਪਹਿਲਵਾਨ ਸਾਕਸ਼ੀ ਮਲਿਕ ਨੇ ਜਿੱਤਿਆ ਸੀ।
ਖੇਡ ਪ੍ਰਤੀ ਉਦਾਸੀਨਤਾ ਵਿਸ਼ਵ ਮੰਚ 'ਤੇ ਸਾਡੀ ਖੇਡਾਂ ਪ੍ਰਤੀ ਜਾਗਰੂਕਤਾ ਵੀ ਦਰਸਾਉਂਦੀ ਹੈ। ਓਲੰਪਿਕ ਵਰਗੀਆਂ ਖੇਡਾਂ  ਵਿਚ ਵਿਸ਼ਵ ਭਰ ਦੇ ਖਿਡਾਰੀ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਂਦੇ ਹਨ ਤੇ ਇਸਦੇ ਆਯੋਜਨ ਲਈ ਦੇਸ਼ ਵਿਚ ਖੇਡਾਂ ਪ੍ਰਤੀ  ਕਾਫੀ ਵੱਡੇ ਪੱਧਰ 'ਤੇ ਜਾਗਰੂਕਤਾ ਹੋਣੀ ਚਾਹੀਦੀ ਹੈ ਪਰ ਸਾਡੇ ਦੇਸ਼ ਵਿਚ ਅਜਿਹਾ ਨਹੀਂ ਹੈ, ਇਸ ਲਈ ਇਕ ਕਿਆਸ ਲਗਾਈ ਜਾ ਰਹੀ ਹੈ ਕਿ ਕੀ 2050 ਤਕ ਭਾਰਤ ਖੇਡਾਂ ਪ੍ਰਤੀ ਆਪਣੀ ਦਿਲਚਸਪੀ ਵਧਾਉਂਦੇ ਹੋਏ ਇਸ ਵੱਡੇ ਮੰਚ ਦਾ ਆਯੋਜਨ ਕਰ ਸਕੇਗਾ। ਇਹ ਇਕ ਵੱਡਾ ਸਵਾਲ ਹੈ ਕਿ ਪਰ ਇਸ ਸਵਾਲ ਦੇ ਅੰਦਰ ਹੀ ਕਈ ਜਵਾਬ ਹਨ ਕਿ ਜੇ ਅਸੀਂ ਆਪਣੇ ਦੇਸ਼ ਵਿਚ ਖੇਡਾਂ ਪ੍ਰਤੀ (ਕ੍ਰਿਕਟ, ਹਾਕੀ ਤੋਂ ਇਲਾਵਾ)  ਜਾਗਰੂਕ ਹੋਵੇਗਾਂ ਤਾਂ ਹੀ ਵਿਸ਼ਵ ਮੰਚ 'ਤੇ ਅਸੀਂ ਓਲੰਪਿਕ ਦੀ ਮੇਜ਼ਬਾਨੀ ਦੀ ਮੰਗ ਕਰਨ ਦੇ ਹੱਕਦਾਰ ਹੋਵਾਂਗਾ।
ਭਾਰਤ ਅਜੇ ਤਕ ਓਲੰਪਿਕ ਖੇਡਾਂ ਵਿਚ ਸਿਰਫ ਹਾਕੀ ਵਿਚ ਹੀ ਸਭ ਤੋਂ ਵੱਧ ਤਮਗੇ ਜਿੱਤ ਸਕਿਆ ਹੈ ਤੇ ਉਹ ਵੀ 1980 ਤੋਂ ਪਹਿਲਾਂ ਤਕ ਪਰ ਹੁਣ 3 ਦਹਾਕਿਆਂ ਤੋਂ ਅਸੀਂ ਹਾਕੀ ਵਿਚ ਵੀ ਪਿਛੜ ਰਹੇ ਹਾਂ ਹਾਲਾਂਕਿ ਦੇਸ਼ ਵਿਚ ਹਾਕੀ ਦਾ ਕ੍ਰੇਜ਼ ਅੱਗੇ ਨਾਲੋਂ ਵਧਿਆ ਹੈ ਪਰ 1975 ਤੋਂ ਪਹਿਲਾਂ ਦਾ ਜਿਹੜਾ ਕ੍ਰੇਜ਼ ਹਾਕੀ ਲਈ ਸੀ, ਉਹੋ ਜਿਹਾ ਅੱਜ ਵੀ ਨਹੀਂ ਦਿਸਦਾ।
ਦੂਜਾ ਅਸੀਂ ਕੁਸ਼ਤੀ, ਤੀਰਅੰਦਾਜ਼ੀ, ਮੁੱਕੇਬਾਜ਼ੀ ਵਿਚ ਵੀ ਕੁਝ ਖਾਸ ਨਹੀਂ ਕਰ ਸਕੇ, ਇਸ ਲਈ ਸਾਨੂੰ ਹੋਰਨਾਂ ਖੇਡਾਂ ਪ੍ਰਤੀ ਦਿਲਚਸਪੀ ਦਿਖਾਉਣੀ ਪਵੇਗੀ ਤਾਂ ਹੀ ਅਸੀਂ ਵਿਸ਼ਵ ਭਾਈਚਾਰੇ ਵਿਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਮੰਗ ਕਰ ਸਕਦੇ ਹਾਂ। ਭਾਰਤ ਨੂੰ ਜੇਕਰ 2050 ਤਕ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਹੱਕਦਾਰ ਬਣਨਾ ਹੈ ਤਾਂ ਸਾਨੂੰ ਦੇਸ਼ ਅੰਦਰ ਖੇਡਾਂ ਦਾ ਮਾਹੌਲ ਬਣਾਉਣਾ ਪਵੇਗਾ ਤਾਂ ਕਿ ਵਿਸ਼ਵ ਭਾਈਚਾਰ ਵੀ ਸਾਡੀ ਇਸ ਮੰਗ ਦੀ ਹਮਾਇਤ ਕਰੇ ਨਹੀਂ ਤਾਂ ਸਾਨੂੰ ਉਥੇ ਵੀ ਮੂੰਹ ਦੀ ਖਾਣੀ ਪਵੇਗੀ।