ਦਿੱਲੀ ਫੁੱਟਬਾਲ ਦੇ ਵਿਕਾਸ ਲਈ ਹਮੇਸ਼ਾ ਹਾਜ਼ਰ ਰਹਾਂਗਾ : ਸੁਨੀਲ ਛੇਤਰੀ

02/16/2019 3:42:32 PM

ਨਵੀਂ ਦਿੱਲੀ :  ਭਾਰਤ ਵਲੋਂ ਕੌਮਾਂਤਰੀ ਪੱਧਰ 'ਤੇ ਸਭ ਤੋਂ ਵੱਧ ਗੋਲ ਕਰਨ ਵਾਲੇ ਧਾਕੜ ਫੁੱਟਬਾਲ ਖਿਡਾਰੀ ਸੁਨੀਲ ਛੇਤਰੀ ਨੇ ਕਿਹਾ, ''ਉਹ ਰਾਸ਼ਟਰੀ ਰਾਜਧਾਨੀ ਵਿਖੇ ਇਸ ਖੇਡ ਦੇ ਵਿਕਾਸ ਵਿਚ ਮਦਦ ਕਰਨ ਲਈ ਹਮੇਸ਼ਾ ਹਾਜ਼ਰ ਰਹਿਣਗੇ। ਪਦਮ ਸ਼੍ਰੀ ਪੁਰਸਕਾਰ ਹਾਸਲ ਕਰਨ ਵਾਲੇ ਇਸ 34 ਸਾਲਾਂ ਖਿਡਾਰੀ ਨੂੰ ਇਸ ਖੇਡ ਦਾ ਸੰਚਾਲਨ ਕਰਨ ਵਾਲੇ ਫੁੱਟਬਾਲ ਦਿੱਲੀ ਨੇ ਪਹਿਲੇ ਫੁੱਟਬਾਲ ਪੁਰਸਕਾਰ ਨਾਲ ਸਨਮਾਨਤ ਕੀਤਾ। ਛੇਤਰੀ ਨੇ ਕਿਹਾ, ''ਮੈਂ ਫੁੱਟਬਾਲ ਦਿੱਲੀ ਦਾ ਇਹ ਸਨਮਾਨ ਅਤੇ ਫੁੱਟਬਾਲ ਰਤਨ ਪੁਰਸਕਾਰ ਹਾਸਲ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਦਿੱਲੀ ਫੁੱਟਬਾਲ ਦੇ ਵਿਕਾਸ ਲਈ ਹਮੇਸ਼ਾ ਹਾਜ਼ਰ ਰਹਾਂਗਾ। ਮੈਨੂੰ ਯਕੀਨ ਹੈ ਕਿ ਵਰਤਮਾਨ ਪ੍ਰਬੰਧਨ ਦਿੱਲੀ ਵਿਚ ਫੁੱਟਬਾਲ ਦੇ ਵਿਕਾਸ ਲਈ ਮਿਹਨਤ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਦਿੱਲੀ ਦੇਸ਼ ਦੇ ਦੂਜੇ ਸੂਬਿਆਂ ਲਈ ਆਦਰਸ਼ ਬਣੇਗਾ।''

ਫੁੱਟਬਾਲ ਦਿੱਲੀ ਦੇ ਪ੍ਰਧਾਨ ਸ਼ਾਜੀ ਪ੍ਰਭਾਕਰਨ ਨੇ ਛੇਤਰੀ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। ਸਾਬਕਾ ਖਿਡਾਰੀ ਪ੍ਰਭਾਕਰਨ ਅਖਿਲ ਭਾਰਤੀ ਫੁੱਟਬਾਲ ਮਾਹਸੰਘ ਅਤੇ ਫੀਫਾ ਦੇ ਪ੍ਰਤੀਨਿਧੀ ਵੀ ਹਨ। ਸ਼ਾਜੀ ਨੇ ਕਿਹਾ, ''ਅਸੀਂ ਸੁਨੀਲ ਛੇਤਰੀ ਦੀ ਸਾਨਦਾਰ ਉਪਲੱਬਧੀਆਂ ਤੋਂ ਪ੍ਰੇਰਿਤ ਹਾਂ। ਉਨ੍ਹਾਂ ਦਾ ਖੇਡ ਦੇ ਪ੍ਰਤੀ ਪੇਸ਼ੇਵਰ ਰਵੱਈਆ, ਅਨੁਸ਼ਾਸਨ ਅਤੇ ਜੁਨੂਨ ਨਾ ਸਿਰਫ ਫੁੱਟਬਾਲ ਸਗੋਂ ਹਰ ਭਾਰਤੀ ਲਈ ਵੱਡਾ ਸੁਪਨਾ ਦੇਖਣ ਅਤੇ ਜੀਵਨ ਵਿਚ ਕੁਝ ਸ਼ਾਨਦਾਰ ਹਾਸਲ ਕਰਨ ਦਾ ਇਕ ਉਦਾਹਰਣ ਹੈ। ਇਸ ਮੌਕੇ 'ਤੇ ਫੁੱਟਬਾਲ ਦਿੱਲੀ ਨੇ ਸੂਬੇ ਦੇ ਨੌਜਵਾਨ ਖਿਡਾਰੀ ਸ਼ੁਭਮ ਸਾਰੰਗੀ ਨੂੰ ਵੀ ਸਨਮਾਨਤ ਕੀਤਾ। ਸ਼ੁਭਮ ਆਈ. ਐੱਸ. ਐੱਲ. ਦੀ ਦਿੱਲੀ ਡਾਇਨਾਮੋਸ ਟੀਮ ਦੇ ਖਿਡਾਰੀ ਹਨ। ਉਹ 12 ਸਾਲ ਦੀ ਉਮਰ ਤੋਂ ਏ. ਆਈ. ਐੱਫ. ਐੱਫ. ਨੌਜਵਾਨ ਅਕੈਡਮੀ ਦਾ ਹਿੱਸਾ ਹਨ ਅਤੇ ਉਸ ਨੇ ਅੰਡਰ-14 ਅਤੇ ਅੰਡਰ-17 ਨੌਜਵਾਨ ਰਾਸ਼ਟਰੀ ਟੀਮਾਂ ਵਿਚ ਭਾਰਤ ਦੀ ਨੁਮਾਈਂਦਗੀ ਕੀਤੀ ਹੈ।