ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਕ੍ਰਿਕਟ ਬੋਰਡ ''ਚ ਆਇਆ ਭੂਚਾਲ, ਕੀਤੇ ਵੱਡੇ ਬਦਲਾਅ

04/13/2019 12:50:01 PM

ਨਵੀਂ ਦਿੱਲੀ : ਆਈ. ਸੀ. ਸੀ. ਵਿਸ਼ਵ ਕੱਪ 2019 ਸ਼ੁਰੂ ਹੋਣ 'ਚ ਕੁਝ ਹੀ ਸਮਾਂ ਬਚਿਆ ਹੈ ਪਰ ਇਸ ਤੋਂ ਪਹਿਲਾਂ ਵਿੰਡੀਜ਼ ਕ੍ਰਿਕਟ ਬੋਰਡ ਵਿਚ ਭੂਚਾਲ ਆ ਗਿਆ ਹੈ। ਬੋਰਡ ਨੇ ਵਿਸ਼ਵ ਕੱਪ ਤੋਂ ਪਹਿਲਾਂ ਵਿਵਾਦਾਂ ਨਾਲ ਘਿਰੇ ਰਹਿਣ ਵਾਲੇ ਕੋਚ ਰਿਚਰਡ ਪਾਏਬਸ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਹੁਣ ਉਸ ਦੀ ਜਗ੍ਹਾਂ ਫਲਾਇਡ ਰੀਫਰ ਨੂੰ ਵਿੰਡੀਜ਼ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਅਚਾਨਕ ਇਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਨਵੇਂ ਕੋਚ ਨੂੰ ਟੀਮ ਖਿਡਾਰੀਆਂ ਨਾਲ ਤਾਲਮੇਲ ਬਣਾਉਣ ਵਿਚ ਥੋੜਾ ਸਮਾਂ ਲਗਦਾ ਹੈ। ਇਸ ਤੋਂ ਇਲਾਵਾ ਚੋਣ ਕਮੇਟੀ ਵਿਚ ਵੀ ਵੱਡੇ ਪੈਮਾਨੇ 'ਤੇ ਬਦਲਾਅ ਹੋਇਆ ਹੈ। ਕਰਟਨੀ ਬ੍ਰਾਊਨ ਦੀ ਜਗ੍ਹਾ ਰਾਬਰਟ ਹੈਂਸ ਚੋਣ ਕਮੇਟੀ ਦੇ ਪਧਾਨ ਹੋਣਗੇ। ਕੈਰੇਬਿਆਈ ਕ੍ਰਿਕਟ ਬੋਰਡ ਦੀ ਪੂਰੀ ਚੋਣ ਕਮੇਟੀ ਹੀ ਬਦਲ ਗਈ ਹੈ। ਬੋਰਡ ਪ੍ਰਧਾਨ ਰਿਕੀ ਸਕੇਰਿਟ ਨੇ ਕਿਹਾ ਕਿ ਹੈਂਸ ਦੇ ਰੂਪ ਵਿਚ ਸਾਨੂੰ ਆਪਣੀ ਚੋਣ ਨੀਤੀ ਮੁਤਾਬਕ ਕੰਮ ਕਰਨ ਵਾਲਾ ਪ੍ਰਧਾਨ ਮਿਲ ਗਿਆ ਹੈ। ਸਾਨੂੰ ਉਮੀਦ ਹੈ ਕਿ ਰੀਫਰ ਦੇ ਨਾਲ ਵਿੰਡੀਜ਼ ਕ੍ਰਿਕਟ ਫਿਰ ਨਵੀਂ ਉਂਚਾਈਆਂ ਤੱਕ ਪਹੁੰਚੇਗਾ।

ਹੈਰਾਨ ਵਾਲੀ ਗੱਲ ਹੈ ਕਿ ਪਾਏਬਸ ਨੂੰ ਇਸੇ ਸਾਲ ਜਨਵਰੀ ਵਿਚ ਟੀਮ ਦਾ ਹੈਡ ਕੋਚ ਨਿਯੁਕਤ ਕੀਤਾ ਗਿਆ ਸੀ। ਬੋਰਡ ਨੇ ਇਹ ਫੈਸਲਾ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਲਿਆ ਸੀ ਜਿਸ ਵਿਚ ਕੈਰੇਬਿਆਈ ਟੀਮ 2-1 ਨਾਲ ਜੇਤੂ ਰਹੀ ਸੀ। ਪਾਏਬਸ ਨੇ ਨਿਕ ਪੋਥਾਸ ਦੀ ਜਗ੍ਹਾ ਕੋਚ ਅਹੁਦਾ ਸੰਭਾਲਿਆ ਸੀ ਪਰ ਹੁਣ ਉਸ ਨੂੰ ਅਚਾਨਕ ਅਹੁਦੇ ਤੋਂ ਹਟਾਉਣਾ ਟੀਮ ਲਈ ਮੁਸ਼ਕਲ ਸਾਬਤ ਹੋ ਸਕਦਾ ਹੈ। ਦੱਸ ਦਈਏ ਕਿ ਵਿੰਡੀਜ਼ ਨੂੰ ਆਪਣਾ ਪਹਿਲਾ ਮੈਚ 31 ਮਈ ਨੂੰ ਪਾਕਿਸਤਾਨ ਖਿਲਾਫ ਖੇਡਣਾ ਹੈ। ਵਿਸ਼ਵ ਕੱਪ ਦੀ ਸ਼ੁਰੂਆਤ 30 ਮਈ ਤੋਂ ਹੋਵੇਗੀ ਜਿਸਦਾ ਫਾਈਨਲ ਮੁਕਾਬਲਾ 14 ਜੁਲਾਈ ਨੂੰ ਖੇਡਿਆ ਜਾਵੇਗਾ।