ਵੋਜ਼ਨੀਆਕੀ ਨੇ ਬਾਰਟੀ ਦੀ ਚੁਣੌਤੀ ਤੋੜੀ, ਸ਼ਾਰਾਪੋਵਾ ਵੀ ਜਿੱਤੀ

05/08/2018 4:37:31 PM

ਮੈਡ੍ਰਿਡ : ਵਿਸ਼ਵ ਦੀ ਦੂਜੇ ਸਥਾਨ ਦੀ ਖਿਡਾਰਨ ਕੈਰੋਲੀਨ ਵੋਜ਼ਨੀਆਕੀ ਨੇ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੂੰ 3 ਸੈਟਾਂ ਦੇ ਸਖਤ ਮੁਕਾਬਲੇ 'ਚ 6-2, 4-6, 6-4 ਨਾਲ ਹਰਾ ਕੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਆਖਰੀ 16 'ਚ ਜਗ੍ਹਾ ਬਣਾ ਲਈ ਹੈ, ਜਦਕਿ ਰੂਸ ਦੀ ਮਾਰੀਆ ਸ਼ਾਰਾਪੋਵਾ ਵੀ ਜਿੱਤ ਦੇ ਨਾਲ ਅਗਲੇ ਦੌਰ 'ਚ ਪਹੁੰਚ ਗਈ ਹੈ। ਡੈਨਮਾਰਕ ਦੀ ਵੋਜ਼ਨੀਆਕੀ ਫਾਈਨਲ ਸੈਟ 'ਚ 2-4 ਤੋਂ ਪਿੱਛੇ ਹੋਣ ਦੇ ਬਾਅਦ ਹਾਰ ਦੇ ਕਰੀਬ ਸੀ ਪਰ ਉਨ੍ਹਾਂ ਆਖਰੀ 4 ਰਾਊਂਡ ਜਿੱਤ ਕੇ ਸੈਟ ਅਤੇ ਮੈਚ ਆਪਣੇ ਨਾਂ ਕਰ ਲਿਆ। ਉਥੇ ਹੀ 22 ਸਾਲਾਂ ਬਾਰਟੀ ਦੇ ਗ੍ਰਾਊਂਡਸਟ੍ਰੋਕਸ ਅਤੇ ਮੈਚ 'ਚ 54 ਭੁਲਾਂ ਕਾਰਨ ਉਹ ਹਾਰੀ ਹੋਈ ਬਾਜ਼ੀ ਹਾਰਕੇ ਬਾਹਰ ਹੋ ਗਈ।

ਵੋਜ਼ਨੀਆਕੀ ਕੁਆਰਟਰਫਾਈਨਲ 'ਚ ਪਹੁੰਚਣ ਦੇ ਲਈ ਫ੍ਰੈਂਚ ਓਪਨ ਸੈਮੀਫਾਈਨਲਿਸਟ ਕਿਕੀ ਬਰਟੇਸ ਨਾਲ ਭਿੜੇਗੀ ਜਿਨ੍ਹਾਂ 15ਵੀਂ ਸੀਡ ਏਨਾਸਤਾਸਿਆ ਨੂੰ ਦੂਜੇ ਰਾਊਂਡ 'ਚ 6-1, 6-4 ਨਾਲ ਹਰਾਇਆ। ਇਸ ਵਿਚਾਲੇ ਚੈਕ ਗਣਰਾਜ ਦੀ ਕੈਰੀਲੋਨਾ ਪਲਿਸਕੋਵਾ ਨੇ ਵੀ ਸਾਬਕਾ ਨੰਬਰ ਇਕ ਵਿਕਟੋਰੀਆ ਅਜਾਰੇਂਕਾ ਨੂੰ 3 ਸੈਟਾਂ ਦੇ ਮੁਕਾਬਲੇ 'ਚ 6-2, 1-6, 7-5 ਨਾਲ ਹਰਾਇਆ। ਉਹ ਮਹਿਲਾ ਸਿੰਗਲ ਦੇ ਤੀਜੇ ਦੌਰ 'ਚ ਯੂ.ਐੱਸ. ਚੈਂਪੀਅਨ ਸਲੋਏਨਸ ਸਟੀਫਨ ਨਾਲ ਭਿੜੇਗੀ। ਸਾਬਕਾ ਨੰਬਰ ਇਕ ਖਿਡਾਰਨ ਸ਼ਾਰਾਪੋਵਾ ਨੇ ਵੀ ਕਲੇ ਕੋਰਟ 'ਤੇ ਬਿਹਤਰ ਪ੍ਰਦਰਸ਼ਨ ਕਰਦੇ  ਹੋਏ ਚੁਣੌਤੀਪੂਰਨ ਪਹਿਲੇ ਸੈਟ ਦੇ ਬਾਅਦ ਰੋਮਾਨੀਆ ਦੀ ਇਰੀਨਾ ਕੈਮਿਲਾ ਨੂੰ 7-5, 6-1 ਨਾਲ ਹਰਾਇਆ।

31 ਸਾਲਾਂ ਰੂਸੀ ਖਿਡਾਰਨ ਨੇ ਪਿਛਲੇ 4 ਟੂਰਨਾਮੈਂਟਾਂ 'ਚ ਲਗਾਤਾਰ ਹਾਰ ਦੇ ਬਾਅਦ ਟੂਰਨਾਮੈਂਟ 'ਚ ਪ੍ਰਵੇਸ਼ ਕੀਤਾ ਹੈ। ਸ਼ਾਰਾਪੋਵਾ ਨੇ 22 'ਚੋਂ 20 ਅੰਕ ਹਾਸਲ ਕਰਦੇ ਹੋਏ ਆਖਰੀ 16 'ਚ ਜਗ੍ਹਾ ਬਣਾਈ। ਗੈਰ ਦਰਜਾ ਪ੍ਰਾਪਤ ਸ਼ਾਰਾਪੋਵਾ ਅਗਲੇ ਦੌਰ 'ਚ ਬੀਤੇ ਸਾਲ ਦੀ ਫਾਈਨਲਿਸਟ ਕ੍ਰਿਸਟੀਨਾ ਮਲਾਦੇਨੋਵਿਚ ਨਾਲ ਭਿੜੇਗੀ, ਜਿਨ੍ਹਾਂ ਚੀਨ ਦੀ ਝਾਂਗ ਸ਼ੁਆਈ ਨੂੰ 6-4, 4-6, 6-3 ਨਾਲ ਹਰਾਇਆ।


Related News