ਸਪਾਂਸਰਸ਼ਿਪ ਤੋਂ ਇਲਾਵਾ ਸਾਡਾ ਰੋਜ਼ ਵੈਲੀ ਨਾਲ ਕੋਈ ਲੈਣਾ-ਦੇਣਾ ਨਹੀਂ : KKR

02/05/2020 1:06:45 PM

ਨਵੀਂ ਦਿੱਲੀ : ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ 2012 ਅਤੇ 2013 ਵਿਚ ਆਪਣੀ ਟੀਮ ਦੀ ਅਧਿਕਾਰਤ ਜਰਸੀ ਦੇ ਸਪਾਂਸਰ ਰਹੇ ਵਿਵਾਦਤ ਰੋਜ਼ ਵੈਲੀ ਗਰੁਪ ਦੇ ਨਾਲ ਇਸ ਤੋਂ ਇਲਾਵਾ ਕਿਸੇ ਹੋਰ ਵਿੱਤੀ ਲੈਣ ਦੇਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਈਰੈਟਰੇਟ ਨੇ ਗਰੁਪ ਦੀ 70 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਸੋਮਵਾਰ ਨੂੰ ਜ਼ਬਤ ਕਰ ਲਈ ਸੀ। ਇਸ ਵਿਚੋਂ ਕੋਲਕਾਤਾ ਨਾਈਟ ਰਾਈਡਰਜ਼ ਸਪੋਰਟ ਪ੍ਰਾਈਵੇਟ ਲਿਮਿਟਡ ਦੇ ਕੋਲ 11.87 ਕਰੋੜ ਰੁਪਏ ਦਾ ਬੈਂਕ ਜਮਾ ਵੀ ਸ਼ਾਮਲ ਹੈ। ਟੀਮ ਨੇ ਕਿਹਾ ਕਿ ਇਹ ਮਾਮਲਾ ਜਲਦੀ ਹੱਲ ਹੋ ਜਾਵੇਗਾ।

ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਸੀ. ਈ. ਓ. ਵੇਂਕੀ ਮੈਸੂਰ ਨੇ ਕਿਹਾ, ''ਰੋਜ਼ ਵੈਲੀ 2012 ਅਤੇ 2013 ਵਿਚ ਆਈ. ਪੀ. ਐੱਲ. ਦੀ ਜਰਸੀ ਦਾ ਸਪਾਂਸਰ ਸੀ। 11.87 ਕਰੋੜ ਰੁਪਏ ਸਪਾਂਸਰ ਦੀ ਫੀਸ ਹੈ। ਇਸ ਤੋਂ ਇਲਾਵਾ ਕੇ. ਕੇ. ਆਰ ਦਾ ਰੋਜ਼ ਵੈਲੀ ਗਰੁਪ ਨਾਲ ਕੋਈ ਵਿੱਤੀ ਲੈਣ ਦੇਣ ਨਹੀਂ ਹੈ।'' ਕੇ. ਆਰ. ਐੱਸ. ਪੀ. ਐੱਲ. ਦੇ ਡਾਈਰੈਕਟਰਾਂ ਵਿਚ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ, ਅਦਾਕਾਰਾ ਜੂਹੀ ਚਾਵਲਾ ਦੇ ਪਤੀ ਜੈ ਮੇਹਤਾ, ਮੈਸੂਰ ਅਤੇ 2 ਹੋਰ ਸ਼ਾਮਲ ਹਨ।