CWC 2019 : ਪਾਕਿਸਤਾਨ ਨੂੰ ਕਮਜ਼ੋਰ ਸਮਝਣਾ ਮੂਰਖਤਾ : ਵਕਾਰ ਯੂਨੁਸ

06/01/2019 4:49:40 PM

ਲੰਡਨ— ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਵਕਾਰ ਯੂਨੁਸ ਨੇ ਕਿਹਾ ਕਿ ਵਰਲਡ ਕੱਪ ਦੇ ਪਹਿਲੇ ਮੁਕਾਬਲੇ 'ਚ ਵੈਸਟਇੰਡੀਜ਼ ਦੇ ਹੱਥੋਂ ਸ਼ੁੱਕਰਵਾਰ ਨੂੰ ਟ੍ਰੇਂਟ ਬ੍ਰਿਜ 'ਚ ਮਿਲੀ ਕਰਾਰੀ ਹਾਰ ਦੇ ਬਾਅਦ ਪਾਕਿਸਤਾਨ ਨੂੰ ਕਮਜ਼ੋਰ ਸਮਝਣਾ ਮੂਰਖਤਾ ਹੋਵੇਗੀ। ਵਕਾਰ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਦਾ ਇਹ ਮਤਲਬ ਨਹੀਂ ਹੈ ਕਿ ਟੂਰਨਾਮੈਂਟ 'ਚ ਖਰਾਬ ਸ਼ੁਰੂਆਤ ਦੀ ਤੁਲਨਾ 1992 ਦੇ ਪ੍ਰਦਰਸ਼ਨ ਨਾਲ ਕੀਤੀ ਜਾ ਸਕਦੀ ਹੈ ਜਦੋਂ ਪਾਕਿਸਤਾਨ ਨੇ ਖਰਾਬ ਸ਼ੁਰੂਆਤ ਦੇ ਬਾਅਦ ਆਪਣਾ ਪਹਿਲਾ ਵਰਲਡ ਕੱਪ ਦਾ ਖਿਤਾਬ ਜਿੱਤਿਆ ਸੀ। 

ਵਕਾਰ ਨੇ ਆਈ.ਸੀ.ਸੀ. ਦੇ ਲਈ ਲਿਖੇ ਕਾਲਮ 'ਚ ਕਿਹਾ, ''ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਇਹ ਵਰਲਡ ਕੱਪ ਬਹੁਤ ਲੰਬਾ ਟੂਰਨਾਮੈਂਟ ਹੈ। ਅਜੇ ਵੀ ਬਹੁਤ ਕ੍ਰਿਕਟ ਖੇਡਿਆ ਜਾਣਾ ਬਾਕੀ ਹੈ ਅਤੇ ਵੈਸਟਇੰਡੀਜ਼ ਤੋਂ ਹਾਰਨ ਦੇ ਬਾਅਦ ਪਾਕਿਸਤਾਨ ਨੂੰ ਘੱਟ ਸਮਝਣਾ ਮੂਰਖਤਾ ਹੋਵੇਗੀ।'' ਵਕਾਰ ਨੇ ਪਾਕਿਸਤਾਨ ਦੀ ਪਾਰੀ ਦੇ 105 ਦੌੜਾਂ 'ਤੇ ਸਮੇਟਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ''ਪਾਕਿਸਤਾਨੀ ਬੱਲੇਬਾਜ਼ਾਂ ਖਿਲਾਫ ਸ਼ਾਟ ਪਿੱਚ ਗੇਂਦ ਦਾ ਸਹੀ ਇਸਤੇਮਾਲ ਕਰਨ ਲਈ ਤੁਹਾਨੂੰ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੂੰ ਸਿਹਰਾ ਦੇਣਾ ਹੋਵੇਗਾ।'' ਉਨ੍ਹਾਂ ਕਿਹਾ, ''ਖਾਸ ਕਰਕੇ ਆਂਦਰੇ ਰਸੇਲ ਨੇ ਆਪਣੇ ਪਹਿਲੇ ਤਿੰਨ ਓਵਰਾਂ 'ਚ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੂੰ ਸਿਰਫ ਦੋ ਸਫਲਤਾਵਾਂ ਮਿਲੀਆਂ ਪਰ ਉਨ੍ਹਾਂ ਨੇ ਬਾਕੀ ਦੇ ਗੇਂਦਬਾਜ਼ਾਂ ਨੂੰ ਰਸਤਾ ਦਿਖਾ ਦਿੱਤਾ।''

ਪਾਕਿਸਤਾਨ ਦੇ 47 ਸਾਲ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਟੀਮ ਦੇ ਅਨਿਸ਼ਚਿਤ ਪ੍ਰਦਰਸ਼ਨ ਵਾਲੇ ਸੁਭਾਅ ਬਾਰੇ ਜ਼ਿਆਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ। ਉਨ੍ਹਾਂ ਕਿਹਾ, ''ਪਾਕਿਸਤਾਨ ਨੇ 1992 ਵਰਲਡ ਕੱਪ ਦੇ ਪਹਿਲੇ ਮੈਚ 'ਚ ਕਰਾਰੀ ਹਾਰ ਝਲਣ ਦੇ ਬਾਅਦ ਵਾਪਸੀ ਕੀਤੀ ਅਤੇ ਜੇਤੂ ਬਣਿਆ। ਪਰ ਤੁਸੀਂ ਬੀਤੇ ਸਮੇਂ ਦੇ ਰਿਕਾਰਡ 'ਤੇ ਨਿਰਭਰ ਨਹੀਂ ਕਰ ਸਕਦੇ ਜੋ 27 ਸਾਲ ਪਹਿਲਾਂ ਹੋਇਆ ਸੀ। 2019 'ਚ ਟੂਰਨਾਮੈਂਟ ਜਿੱਤਣ ਲਈ ਟੀਮ ਨੂੰ ਸਖਤ ਮਿਹਨਤ ਕਰਨੀ ਹੋਵੇਗੀ।'' ਵਕਾਰ ਨੇ ਕਿਹਾ, ''ਇਸ ਤਰ੍ਹਾਂ ਦੀ ਹਾਰ ਨਾਲ ਆਤਮਵਿਸ਼ਵਾਸ ਘੱਟ ਹੁੰਦਾ ਹੈ। ਇਸ ਲਈ ਟੀਮ ਆਪਣਾ ਸਮਾਂ ਵਾਪਸੀ ਲਈ ਲਗਾਵੇ। ਟੀਮ ਨੂੰ ਹਾਂ ਪੱਖੀ ਸੋਚਣਾ ਚਾਹੀਦਾ ਹੈ ਅਤੇ ਖੇਡ ਦਾ ਰੁਖ ਬਦਲਣਾ ਚਾਹੀਦਾ ਹੈ।''

Tarsem Singh

This news is Content Editor Tarsem Singh