2027 ਵਨ ਡੇ ਵਿਸ਼ਵ ਕੱਪ ਖੇਡਣਾ ਚਾਹੁੰਦਾ ਹਾਂ : ਰੋਹਿਤ ਸ਼ਰਮਾ

04/13/2024 11:33:31 AM

ਨਵੀਂ ਦਿੱਲੀ– ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਉਹ ਕੁਝ ਸਾਲ ਹੋਰ ਖੇਡਣਾ ਚਾਹੁੰਦਾ ਹੈ ਤੇ 2027 ਵਨ ਡੇ ਵਿਸ਼ਵ ਕੱਪ ਜਿੱਤਣ ਦੀ ਦਿਲੀ ਇੱਛਾ ਹੈ। ਰੋਹਿਤ ਦੀ ਕਪਤਾਨੀ ਵਿਚ ਭਾਰਤੀ ਟੀਮ ਜਿੱਤ ਦੀ ਮੁਹਿੰਮ ’ਤੇ ਸਵਾਰ ਹੋ ਕੇ 2023 ਵਿਸ਼ਵ ਕੱਪ ਫਾਈਨਲ ਤਕ ਪਹੁੰਚੀ ਸੀ ਪਰ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ ਹਾਰ ਗਈ। 36 ਸਾਲ ਦਾ ਰੋਹਿਤ 2007 ਟੀ-20 ਵਿਸ਼ਵ ਕੱਪ ਟੀਮ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ ਪਰ ਉਹ ਵਨ ਡੇ ਵਿਸ਼ਵ ਕੱਪ ਨੂੰ ਇਸ ਤੋਂ ਉੱਪਰ ਰੱਖਦਾ ਹੈ। ਅਹਿਮਦਾਬਾਦ ਵਿਚ ਆਸਟ੍ਰੇਲੀਆ ਹੱਥੋਂ ਵਿਸ਼ਵ ਕੱਪ 2023 ਫਾਈਨਲ ਵਿਚ ਮਿਲੀ ਹਾਰ ਤੋਂ ਉਹ ਕਾਫੀ ਨਿਰਾਸ਼ ਸੀ। ਉਸ ਨੇ ਕਿਹਾ,‘‘ਮੈਂ ਸੰਨਿਆਸ ਦੇ ਬਾਰੇ ਵਿਚ ਅਜੇ ਸੋਚਿਆ ਨਹੀਂ ਹੈ ਪਰ ਪਤਾ ਨਹੀਂ ਜ਼ਿੰਦਗੀ ਕਿੱਥੇ ਲੈ ਜਾਵੇ। ਮੈਂ ਇਸ ਸਮੇਂ ਚੰਗਾ ਖੇਡ ਰਿਹਾ ਹਾਂ ਤੇ ਕੁਝ ਸਾਲ ਹੋਰ ਖੇਡਣਾ ਚਾਹੁੰਦਾ ਹਾਂ। ਮੈਂ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ।’’
ਉਸ ਨੇ ਕਿਹਾ,‘‘50 ਓਵਰਾਂ ਦਾ ਵਿਸ਼ਵ ਕੱਪ ਹੀ ਅਸਲੀ ਵਿਸ਼ਵ ਕੱਪ ਹੈ। ਅਸੀਂ ਇਸ ਨੂੰ ਦੇਖ ਕੇ ਹੀ ਵੱਡੇ ਹੋਏ ਹਾਂ। ਲਾਰਡਸ ’ਤੇ 2025 ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਹੋਣਾ ਹੈ। ਉਮੀਦ ਹੈ ਕਿ ਅਸੀਂ ਉਸ ਵਿਚ ਖੇਡਾਂਗੇ।’’
ਵਿਸ਼ਵ ਕੱਪ ਫਾਈਨਲ ਵਿਚ ਮਿਲੀ ਹਾਰ ਨੂੰ 6 ਮਹੀਨੇ ਬੀਤ ਚੱੁਕੇ ਹਨ ਪਰ ਰੋਹਿਤ ਨੂੰ ਅਜੇ ਤਕ ਉਹ ਹਾਰ ਚੁੱਭਦੀ ਹੈ। ਉਸ ਨੇ ਕਿਹਾ,‘‘ਵਿਸ਼ਵ ਕੱਪ ਭਾਰਤ ਵਿਚ ਹੋ ਰਿਹਾ ਸੀ। ਅਸੀਂ ਫਾਈਨਲ ਤਕ ਚੰਗਾ ਖੇਡੇ। ਸੈਮੀਫਾਈਨਲ ਜਿੱਤਣ ਤੋਂ ਬਾਅਦ ਲੱਗਾ ਕਿ ਇਕ ਕਦਮ ਦੀ ਦੂਰੀ ’ਤੇ ਹੀ ਹਾਂ। ਮੈਂ ਸੋਚਿਆ ਕਿ ਅਜਿਹੀ ਕਿਹੜੀ ਗੱਲ ਹੈ ਜਿਸ ਦੀ ਵਜ੍ਹਾ ਨਾਲ ਅਸੀਂ ਫਾਈਨਲ ਵਿਚ ਹਾਰ ਸਕਦੇ ਹਾਂ ਤੇ ਮੇਰੇ ਦਿਮਾਗ ਵਿਚ ਕੁਝ ਨਹੀਂ ਆਇਆ।’’
ਉਸ ਨੇ ਕਿਹਾ,‘‘ਸਾਡੀ ਮੁਹਿੰਮ ਵਿਚ ਇਕ ਖਰਾਬ ਦਿਨ ਆਉਣਾ ਸੀ ਤੇ ਉਹ ਹੀ ਦਿਨ ਸੀ। ਅਸੀਂ ਚੰਗੀ ਕ੍ਰਿਕਟ ਖੇਡੀ, ਆਤਮਵਿਸ਼ਵਾਸ ਵੀ ਸੀ ਪਰ ਇਕ ਖਰਾਬ ਦਿਨ ਸਾਡਾ ਸੀ ਤੇ ਆਸਟ੍ਰੇਲੀਆ ਦਾ ਚੰਗਾ ਦਿਨ ਸੀ। ਅਸੀਂ ਫਾਈਨਲ ਵਿਚ ਖਰਾਬ ਕ੍ਰਿਕਟ ਨਹੀਂ ਖੇਡੀ।’’

Aarti dhillon

This news is Content Editor Aarti dhillon