ਵਾਡਾ ਦੇ ਰੂਸ ''ਤੇ ਬੈਨ ਦੇ ਫੈਸਲੇ ਖਿਲਾਫ ਜਾਵਾਂਗੇ ਅਦਾਲਤ : ਪੁਤਿਨ

12/10/2019 11:19:13 AM

ਪੈਰਿਸ— ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਵੱਲੋਂ ਰੂਸ 'ਤੇ ਲਾਏ ਗਏ ਬੈਨ ਨੂੰ ਲੈ ਕੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਫੈਸਲਾ ਓਲੰਪਿਕ ਚਾਰਟਰ ਦੀ ਉਲੰਘਣਾ ਹੈ ਅਤੇ ਰੂਸ ਕੋਲ ਇਸ ਦੇ ਖਿਲਾਫ ਅਦਾਲਤ ਜਾਣ ਦੇ ਸਾਰੇ ਕਾਰਨ ਮੌਜੂਦ ਹਨ। ਵਾਡਾ ਨੇ ਸੋਮਵਾਰ ਨੂੰ ਦਰਅਸਲ ਲੈਬ ਦੇ ਡਾਟਾ 'ਚ ਹੇਰਫੇਰ ਕਰਕੇ ਅੰਕੜੇ ਸੌਂਪਣ ਦਾ ਦੋਸ਼ ਲਾਉਂਦੇ ਹੋਏ ਰੂਸ 'ਤੇ ਚਾਰ ਸਾਲਾਂ ਦੇ ਲੰਬੇ ਸਮੇਂ ਲਈ ਓਲੰਪਿਕ ਅਤੇ ਵਿਸ਼ਵ  ਚੈਂਪੀਅਨਸ਼ਿਪ ਦੇ ਮੁਕਾਬਲਿਆਂ 'ਚ ਹਿੱਸਾ ਲੈਣ ਅਤੇ ਉਨ੍ਹਾਂ ਦੀ ਮੇਜ਼ਬਾਨੀ ਕਰਨ ਜਾਂ ਉਨ੍ਹਾਂ ਦੀ ਮੇਜ਼ਬਾਨੀ ਪ੍ਰਕਿਰਿਆ 'ਚ ਹਿੱਸਾ ਲੈਣ ਤੇ ਪਾਬੰਦੀ ਲਗਾਉਣ ਦਾ ਫੈਸਲਾ ਸੁਣਾਇਆ ਹੈ।

ਸ਼੍ਰੀ ਪੁਤਿਨ ਨੇ ਕਿਹਾ, ''ਸਭ ਤੋਂ ਪਹਿਲਾਂ ਸਾਨੂੰ ਵਾਡਾ ਦੇ ਫੈਸਲੇ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ।'' ਉਨ੍ਹਾਂ ਅੱਗੇ ਕਿਹਾ, ''ਬੈਨ ਲਗਾਉਣ ਦਾ ਆਧਾਰ ਕੀ ਹੈ ਅਤੇ ਮੇਰੇ ਮੁਤਾਬਕ ਵਾਡਾ ਨੂੰ ਰੂਸ ਓਲੰਪਿਕ ਰਾਸ਼ਟਰੀ ਕਮੇਟੀ ਖਿਲਾਫ ਕੋਈ ਸ਼ਿਕਾਇਤ ਨਹੀਂ ਹੈ ਜੇਕਰ ਨਹੀਂ ਹੈ, ਤਾਂ ਰੂਸ ਨੂੰ ਰਾਸ਼ਟਰੀ ਝੰਡੇ ਦੇ ਹੇਠਾਂ ਮੁਕਾਬਲੇ ਖੇਡਣ ਦੇਣੇ ਚਾਹੀਦੇ ਹਨ। ਇਹ ਓਲੰਪਿਕ ਚਾਰਟਰ ਹੈ ਅਤੇ ਵਾਡਾ ਆਪਣੇ ਫੈਸਲੇ ਨਾਲ ਓਲੰਪਿਕ ਚਾਰਟਰ ਦੀ ਉਲੰਘਣਾ ਕਰਦਾ ਹੈ। ਸਾਡੇ ਕੋਲ ਅਦਾਲਤ ਜਾਣ ਲਈ ਸਾਰੇ ਬਦਲ ਮੌਜੂਦ ਹਨ।'' ਉਨ੍ਹਾਂ ਕਿਹਾ, ''ਕੋਈ ਵੀ ਸਜ਼ਾ ਨਿੱਜੀ ਹੋਣੀ ਚਾਹੀਦੀ ਹੈ। ਸਜ਼ਾ ਸਾਂਝੀ ਕਿਸਮ ਦੀ ਨਹੀਂ ਹੋ ਸਕਦੀ ਅਤੇ ਅਜਿਹਾ ਮੇਰੇ ਲੋਕਾਂ 'ਤੇ ਵੀ ਲਾਗੂ ਹੋ ਰਿਹਾ ਹੈ ਜਿਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। ਹਰ ਕੋਈ ਇਸ ਨੂੰ ਸਮਝਦਾ ਹੈ। ਮੈਨੂੰ ਲਗਦਾ ਹੈ ਕਿ ਮਾਹਰ ਵੀ ਇਸ ਨੂੰ ਸਮਝਦੇ ਹਨ।'' ਰੂਸ ਦੀ ਡੋਪਿੰਗ ਰੋਕੂ ਏਜੰਸੀ ਹਾਲਾਂਕਿ ਇਸ ਫੈਸਲੇ ਦੇ 21 ਦਿਨਾਂ ਦੇ ਅੰਦਰ ਖੇਡਾਂ ਦੀ ਸਭ ਤੋਂ ਵੱਡੀ ਅਦਾਲਤ ਖੇਡ ਪੰਚਾਟ 'ਚ ਅਪੀਲ ਕਰ ਸਕਦੀ ਹੈ। ਫਿਲਹਾਲ ਰੂਸ ਟੋਕੀਓ ਓਲੰਪਿਕ 2020 ਅਤੇ ਬੀਜਿੰਗ ਵਿੰਟਰ ਓਲੰਪਿਕ 2022 ਸਮੇਤ ਵਿਸ਼ਵ ਪੱਧਰੀ ਪ੍ਰਤੀਯੋਗਿਤਾਵਾਂ 'ਚ ਹਿੱਸਾ ਨਹੀਂ ਲੈ ਸਕੇਗਾ।

Tarsem Singh

This news is Content Editor Tarsem Singh