ਸ਼ਮੀ ਦੀ ਗੇਂਦਬਾਜ਼ੀ ਅਤੇ ਸੁਪਰ ਓਵਰ 'ਚ ਰੋਹਿਤ ਦੇ ਛੱਕੇ ਦੇਖ ਸਹਿਵਾਗ ਨੇ ਕੀਤਾ ਮਜ਼ੇਦਾਰ ਟਵਿਟ

01/30/2020 11:01:06 AM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੀ-20 ਅੰਤਰਰਾਸ਼ਟਰੀ ਮੈਚ ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡਿਆ ਗਿਆ। ਮੈਚ ਰੁਮਾਂਚ ਦੀ ਹੱਦ ਤੱਕ ਪਹੁੰਚਿਆ ਅਤੇ ਸੁਪਰ ਓਵਰ' ਟੀਮ ਇੰਡੀਆ ਨੇ ਜਿੱਤ ਦਰਜ ਕੀਤੀ। ਇਸ ਰੋਮਾਂਚਕ ਮੈਚ ਤੋ ਬਾਅਦ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਰੋਹਿਤ ਸ਼ਰਮਾ ਲਈ ਅਜਿਹਾ ਟਵੀਟ ਕੀਤਾ ਹੈ, ਜੋ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਇਸ ਮੈਚ 'ਚ ਇਕ ਸਮੇਂ ਇੰਝ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਆਸਾਨੀ ਨਾਲ ਇਹ ਮੈਚ ਜਿੱਤ ਜਾਵੇਗਾ ਪਰ ਇਸ ਤੋਂ ਬਾਅਦ 20ਵਾਂ ਓਵਰ ਸੁੱਟਣ ਆਏ ਮੁਹੰਮਦ ਸ਼ਮੀ ਨੇ ਪੂਰੀ ਗੇਮ ਹੀ ਪਲਟ ਦਿੱਤੀ। ਮੈਚ ਸੁਪਰ ਓਵਰ ਤੱਕ ਪਹੁੰਚਿਆ ਅਤੇ ਭਾਰਤ ਨੇ ਆਖਰੀ ਦੋ ਗੇਂਦਾਂ 'ਚ ਛੱਕੇ ਲਾ ਕੇ ਇਸ ਮੈਚ ਨੂੰ ਆਪਣੇ ਨਾਂ ਕਰ ਲਿਆ। 

ਟਵੀਟ ਕਰ ਰੋਹਿਤ ਅਤੇ ਸ਼ਮੀ ਦੀ ਕੀਤੀ ਤਰੀਫ
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਰੋਹਿਤ ਸ਼ਰਮਾ ਦੀ ਸੁਪਰ ਓਵਰ 'ਚ ਖੇਡੀ ਮੈਚ ਜਿਤਾਊ ਪਾਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਵਰਿੰਦਰ ਸਹਿਵਾਗ ਨੇ ਟਵੀਟ 'ਚ ਲਿਖਿਆ,  ਅਜਿਹਾ ਲੱਗਦਾ ਹੈ ਅਪੁਨਿਚ ਭਗਵਾਨ ਹੈ! ਇਹ ਲਾਈਨ ਰੋਹਿਤ ਸ਼ਰਮਾ 'ਤੇ ਠੀਕ ਬੈਠਦੀ ਹੈ, ਜਿਸ ਤਰ੍ਹਾਂ ਨਾਲ ਉਹ ਨਾਮੁਮਕਿਨ ਨੂੰ ਮੁਮਕਿਨ ਕਰ ਦਿੰਦਾ ਹੈ। ਸਹਿਵਾਗ ਨੇ ਆਪਣੇ ਇਸ ਟਵੀਟ 'ਚ ਮੁਹੰਮਦ ਸ਼ਮੀ ਦੀ ਵੀ ਤਰੀਫ ਕੀਤੀ ਹੈ। ਸਹਿਵਾਗ ਨੇ ਕਿਹਾ ਆਖਰੀ 4 ਗੇਂਦਾਂ 'ਤੇ 2 ਦੌੜਾਂ ਬਚਾਉਣਾ ਇਕ ਹੈਰਾਨੀਜਨਕ ਕੰਮ ਹੈ ਅਤੇ ਇਹ ਇਕ ਯਾਦਗਾਰ ਮੈਚ ਹੈ।

ਇਸ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਰੋਹਿਤ ਦੇ ਅਰਧ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਦੀ ਟੀਮ ਨੂੰ 180 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ ਕਪਤਾਨ ਕੇਨ ਵਿਲੀਅਮਸਨ ਦੇ ਸ਼ਾਨਦਾਰ 95 ਦੌੜਾਂ ਦੀ ਪਾਰੀ ਤੋਂ ਬਾਅਦ ਵੀ 20 ਓਵਰਾਂ 'ਚ 179 ਦੌੜਾਂ ਹੀ ਬਣਾ ਸਕੀ ਅਤੇ ਮੈਚ ਟਾਈ ਹੋ ਗਿਆ । ਮੈਚ ਦਾ ਨਤੀਜਾ ਸੁਪਰ ਓਵਰ 'ਚ ਦੇਖਣ ਨੂੰ ਮਿਲਿਆ। ਜਿੱਥੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 18 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਭਾਰਤੀ ਟੀਮ ਨੇ ਰੋਹਿਤ ਦੇ ਲਗਾਤਾਰ 2 ਛੱਕਿਆਂ ਦੀ ਬਦੌਲਤ ਮੈਚ ਜਿੱਤ ਲਿਆ ਅਤੇ 5 ਮੈਚਾਂ ਦੀ ਟੀ-20 ਸੀਰੀਜ਼ 'ਚ ਅਜੇਤੂ ਬੜ੍ਹਤ ਬਣਾ ਲਈ ਹੈ।