ਵਿਰਾਟ ਨੇ ਡਿਵੀਲੀਅਰਸ ਨੂੰ ਦਿੱਤੀ ਜਨਮਦਿਨ ਦੀ ਵਧਾਈ, ਜਲਦੀ ਮਿਲਣ ਦੀ ਜਤਾਈ ਇੱਛਾ

02/17/2020 1:27:56 PM

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਅਤੇ ਮਿਸਟਰ 360 ਦੇ ਨਾਂ ਨਾਲ ਮਸ਼ਹੂਰ ਏ. ਬੀ. ਡਿਵੀਲੀਅਰਸ ਦਾ ਜਨਮਦਿਨ ਹੈ। ਇਸ ਖਿਡਾਰੀ ਨੂੰ ਭਾਰਤ ਵਿਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਅਤੇ ਵਿਰਾਟ ਕੋਹਲੀ ਦੀ ਕਪਤਾਨ ਵਾਲੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦਾ ਵੀ ਅਹਿਮ ਹਿੱਸਾ ਹਨ, ਜਿਸ ਕਾਰਨ ਵਿਰਾਟ ਕੋਹਲੀ ਨਾਲ ਉਸ ਦੀ ਕਾਫੀ ਡੰਘੀ ਦੋਸਤੀ ਹੈ। ਅੱਜ ਉਸ ਦੇ ਜਨਮਦਿਨ 'ਤੇ ਕਪਤਾਨ ਕੋਹਲੀ ਨੇ ਉਸ ਨੂੰ ਵਧਾਈ ਦਾ ਸੰਦੇਸ਼ ਭੇਜਿਆ ਹੈ।

ਕੋਹਲੀ ਨੇ ਦਿੱਤੀ ਜਨਮਦਿਨ ਦੀ ਵਧਾਈ

ਅੱਜਹ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਅਤੇ ਸ਼ਾਨਦਾਰ ਬੱਲੇਬਾਜ਼ ਏ. ਬੀ. ਡਿਵੀਲੀਅਰਸ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ, ਜਿਸ ਕਾਰਨ ਸਾਰੇ ਕ੍ਰਿਕਟਰ ਉਸ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵਧਾਈ ਦੇ ਰਹੇ ਹਨ। ਇਸ ਵਿਚ ਉਸ ਦੇ ਆਰ. ਸੀ. ਬੀ. ਦੇ ਸਾਥੀ ਖਿਡਾਰੀ ਅਤੇ ਚੰਗੇ ਦੋਸਤ ਵਿਰਾਟ ਕੋਹਲੀ ਦਾ ਵੀ ਨਾਂ ਹੈ। ਵਿਰਾਟ ਨੇ ਉਸ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਕਿਹਾ, ''ਜਨਮਦਿਨ ਦੀ ਵਧਾਈ ਹੋਵੇ ਭਰਾ। ਤੁਹਾਡੀ ਅਤੇ ਤੁਹਾਡੇ ਪਰਿਵਾਰ ਨੂੰ ਚੰਗੀ ਸਿਹਤ ਅਤੇ ਦੁਨੀਆ ਦੀ ਹਰ ਖੁਸ਼ੀ ਮਿਲੇ। ਜਲਦੀ ਹੀ ਮਿਲਦੇ ਹਾਂ।'' ਰਾਇਲ ਚੈਲੰਜਰਜ਼ ਲਈ ਇਹ ਦੋਵੇਂ ਖਿਡਾਰੀ ਖੇਡਦੇ ਦਿਸਦੇ ਹਨ। ਜਿਸ ਕਾਰਨ ਦੋਵਾਂ ਵਿਚਾਲੇ ਦੋਸਤੀ ਕਾਫੀ ਡੂੰਘੀ ਹੋ ਗਈ ਹੈ।

ਕਰੀਅਰ ਰਿਕਾਰਡ

ਡਿਵੀਲੀਅਰਸ ਨੂੰ ਮੌਜੂਦਾ ਸਮੇਂ ਦੇ ਮਹਾਨ ਬੱਲੇਬਾਜ਼ਾਂ ਵਿਚ ਗਿਣਿਆ ਜਾਂਦਾ ਹੈ। ਦੱਖਣੀ ਅਫਰੀਕਾ ਦੇ ਕੈਪਟਨ ਕੂਲ ਰਹਿ ਚੁੱਕੇ ਏ. ਬੀ. ਡਿਵੀਲੀਅਰਸ ਨੇ ਆਪਣੇ ਦੇਸ਼ ਲਈ 114 ਟੈਸਟ ਮੈਚਾਂ ਦੀਆਂ 91 ਪਾਰੀਆਂ ਵਿਚ 50.66 ਦੀ ਔਸਤ ਨਾਲ 8765 ਦੌੜਾਂ ਬਣਾਈਆਂ, ਜਿਸ ਵਿਚ 22 ਸੈਂਕੜੇ ਅਤੇ 46 ਅਰਧ ਸੈਂਕੜੇ ਸ਼ਾਮਲ ਹਨ। ਟੈਸਟ ਵਿਚ ਉਸ ਦਾ ਸਰਵਉੱਚ ਸਕੋਰ 278 ਹੈ। ਉਸ ਨੇ 228 ਵਨ ਡੇ ਮੈਚਾਂ ਵਿਚ 53.50 ਦੀ ਔਸਤ ਨਾਲ 9,577 ਦੌੜਾਂ ਬਣਾਈਆਂ ਹਨ, ਜਿਸ ਵਿਚ 25 ਸੈਂਕੜੇ ਅਤੇ 53 ਅਰਧ ਸੈਂਕੜੇ ਸ਼ਾਮਲ ਹਨ।